ਫਤਿਹਗੜ੍ਹ ਚੂੜੀਆਂ/ਬਟਾਲਾ (ਹਰਪਾਲ ਸਿੰਘ ਨਾਗਰਾ/ਦਲਬੀਰ ਸੱਖੋਵਾਲੀਆ): ਜੰਮੂ ਡਿਵੀਜ਼ਨ ਅਧੀਨ ਜ਼ਿਲ੍ਹਾ ਰਾਜੌਰੀ ਸੈਕਟਰ ਵਿੱਚ ਸ਼ਹੀਦ ਹੋਏ ਪਿੰਡ ਚੱਠਾ ਦੇ ਜਵਾਨ ਮਨਦੀਪ ਸਿੰਘ ਦਾ ਅੱਜ ਬਾਅਦ ਦੁਪਹਿਰ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਇਸ ਦੌਰਾਨ ਸੈਨਾ ਦੇ ਅਧਿਕਾਰੀਆਂ ਨੇ ਸ਼ਹੀਦ ਨੂੰ ਸਲਾਮੀ ਦਿੱਤੀ। ਸ਼ਹੀਦ ਦੀ ਤਿਰੰਗੇ ਵਿੱਚ ਲਿਪਟੀ ਦੇਹ ਜਦੋਂ ਪਿੰਡ ਚੱਠਾ ਪਹੁੰਚੀ ਤਾਂ ‘ਸ਼ਹੀਦ ਮਨਦੀਪ ਸਿੰਘ ਅਮਰ ਰਹੇ’ ਦੇ ਨਾਅਰਿਆਂ ਨਾਲ ਅਸਮਾਨ ਗੂੰਜ ਉੱਠਿਆ ਅਤੇ ਮਾਹੌਲ ਕਾਫ਼ੀ ਗ਼ਮਗੀਨ ਹੋ ਗਿਆ।
ਜਾਣਕਾਰੀ ਮੁਤਾਬਕ ਸ਼ਹੀਦ ਜਵਾਨ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪਿੰਡ ਵਿੱਚ ਦੂਰ-ਦੂਰ ਤੋਂ ਵੱਡੀ ਗਿਣਤੀ ਵਿੱਚ ਲੋਕ ਪੁੱਜੇ ਸਨ। ਇਸ ਮੌਕੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ, ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਸਾਬਕਾ ਮੰਤਰੀ ਸੁੱਚਾ ਸਿੰਘ ਛੋਟੇਪੁਰ, ਐੱਸਐੱਸਪੀ ਨਾਨਕ ਸਿੰਘ ਅਤੇ ਸੈਨਾ ਦੇ ਉੱਚ ਅਧਿਕਾਰੀਆਂ ਨੇ ਸ਼ਹੀਦ ਮਨਦੀਪ ਸਿੰਘ ਦੇ ਸਸਕਾਰ ਮੌਕੇ ਉਸ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸ੍ਰੀ ਬਾਜਵਾ ਨੇ ਸ਼ਹੀਦ ਦੇ ਪਿਤਾ ਇੰਦਰ ਸਿੰਘ, ਮਾਤਾ ਮਨਜੀਤ ਕੌਰ, ਸ਼ਹੀਦ ਦੀ ਪਤਨੀ ਮਨਦੀਪ ਕੌਰ ਅਤੇ ਭਰਾਵਾਂ ਨੂੰ ਇਸ ਦੁੱਖ ਦੀ ਘੜੀ ਵਿੱਚ ਹੌਸਲਾ ਦਿੱਤਾ। ਉਨ੍ਹਾਂ ਕਿਹਾ ਕਿ ਨਾਇਕ ਮਨਦੀਪ ਸਿੰਘ ਦੀ ਸ਼ਹਾਦਤ ’ਤੇ ਪੂਰੇ ਦੇਸ਼ ਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਇਸ ਔਖੇ ਵੇਲੇ ਪੰਜਾਬ ਸਰਕਾਰ ਸ਼ਹੀਦ ਦੇ ਪਰਿਵਾਰ ਨਾਲ ਖੜ੍ਹੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਪਰਿਵਾਰ ਦੀ ਹਰ ਤਰ੍ਹਾਂ ਦੀ ਸਹਾਇਤਾ ਕੀਤੀ ਜਾਵੇਗੀ।