ਚਰਨਜੀਤ ਭੁੱਲਰ
ਚੰਡੀਗੜ੍ਹ, 13 ਅਪਰੈਲ
ਕੇਂਦਰ ਸਰਕਾਰ ਨੇ ਕੋਲਾ ਸੰਕਟ ਦੇ ਮੱਦੇਨਜ਼ਰ ਪੰਜਾਬ ਸਮੇਤ ਸਾਰੇ ਸੂਬਿਆਂ ’ਤੇ ਵਿਦੇਸ਼ੀ ਕੋਲਾ ਵਰਤਣ ਦੀ ਸ਼ਰਤ ਲਗਾ ਦਿੱਤੀ ਹੈ। ਸ਼ਰਤ ਇਹ ਕਿ ਦੇਸੀ ਕੋਲਾ ਉਨ੍ਹਾਂ ਸੂਬਿਆਂ ਨੂੰ ਹੀ ਅਲਾਟ ਹੋਵੇਗਾ, ਜਿਹੜੇ 10 ਫ਼ੀਸਦੀ ਤੱਕ ਵਿਦੇਸ਼ੀ ਕੋਲਾ ਵਰਤੋਂ ਵਿਚ ਲਿਆਉਣਗੇ। ਕੇਂਦਰੀ ਬਿਜਲੀ ਅਤੇ ਨਵਿਆਉਣਯੋਗ ਊਰਜਾ ਮੰਤਰੀ ਆਰ.ਕੇ.ਸਿੰਘ ਨੇ ਦਿੱਲੀ ’ਚ ਕੋਲੇ ਦੇ ਸਟਾਕ ਦਾ ਜਾਇਜ਼ਾ ਲੈਣ ਲਈ ਸੱਦੀ ਸਮੀਖਿਆ ਮੀਟਿੰਗ ਦੌਰਾਨ ਉਪਰੋਕਤ ਹਦਾਇਤ ਕੀਤੀ ਹੈ। ਮੀਟਿੰਗ ਵਿੱਚ ਪੰਜਾਬ ਸਣੇ ਬਾਕੀ ਸੂਬਿਆਂ ਦੇ ਊਰਜਾ ਵਿਭਾਗ ਦੇ ਅਧਿਕਾਰੀ ਵੀ ਸ਼ਾਮਲ ਸਨ।
ਕੇਂਦਰੀ ਮੰਤਰੀ ਨੇ ਸਮੀਖਿਆ ਦੌਰਾਨ ਦੱਸਿਆ ਕਿ ਮੁਲਕ ਵਿਚ ਇਸ ਵੇਲੇ 19 ਹਜ਼ਾਰ ਮੈਗਾਵਾਟ ਦੇ ਦਰਜਨ ਤਾਪ ਬਿਜਲੀ ਘਰ ਹਨ, ਜੋ ਪੂਰੀ ਤਰ੍ਹਾਂ ਵਿਦੇਸ਼ੀ ਕੋਲੇ ’ਤੇ ਨਿਰਭਰ ਹਨ। ਹਾਲਾਂਕਿ ਇਨ੍ਹਾਂ ਵਿੱਚੋਂ ਸਿਰਫ਼ ਅੱਠ ਹਜ਼ਾਰ ਮੈਗਾਵਾਟ ਦੇ ਤਾਪ ਬਿਜਲੀ ਘਰ ਹੀ ਚੱਲ ਰਹੇ ਹਨ। ਕੌਮਾਂਤਰੀ ਬਾਜ਼ਾਰ ਵਿਚ ਵਿਦੇਸ਼ੀ ਕੋਲੇ ਦੇ ਭਾਅ ਕਾਫ਼ੀ ਤੇਜ਼ ਹਨ, ਜਿਸ ਕਰਕੇ ਪ੍ਰਾਈਵੇਟ ਕੰਪਨੀਆਂ ਪਾਸਾ ਵੱਟ ਰਹੀਆਂ ਹਨ। ਪਾਵਰਕੌਮ ਦਾ ਟਾਟਾ ਮੁਦਰਾ ਪਲਾਂਟ ਨਾਲ 475 ਮੈਗਾਵਾਟ ਦਾ ਸਮਝੌਤਾ ਹੈ ਅਤੇ ਇਹ ਪਲਾਂਟ ਵੀ ਵਿਦੇਸ਼ੀ ਕੋਲਾ ਆਧਾਰਿਤ ਹੈ। ਵੇਰਵਿਆਂ ਅਨੁਸਾਰ ਪਹਿਲਾਂ ਵਿਦੇਸ਼ੀ ਕੋਲਾ ਚਾਰ ਫ਼ੀਸਦੀ ਤੱਕ ਵਰਤੋਂ ਵਿਚ ਲਿਆਂਦਾ ਜਾ ਸਕਦਾ ਸੀ, ਪਰ ਹੁਣ ਕੇਂਦਰੀ ਬਿਜਲੀ ਮੰਤਰੀ ਨੇ ਸੂਬਿਆਂ ਨੂੰ 10 ਫ਼ੀਸਦੀ ਤੱਕ ਵਿਦੇਸ਼ੀ ਕੋਲਾ ਵਰਤਣ ਲਈ ਆਖ ਦਿੱਤਾ ਹੈ। ਕੇਂਦਰੀ ਮੰਤਰੀ ਨੇ ਇੱਥੋਂ ਤੱਕ ਆਖ ਦਿੱਤਾ ਹੈ ਕਿ ਜਿਨ੍ਹਾਂ ਪ੍ਰਾਈਵੇਟ ਕੰਪਨੀਆਂ ਨਾਲ ਬਿਜਲੀ ਸਮਝੌਤੇ ਹੋਏ ਹਨ, ਉਨ੍ਹਾਂ ਤੋਂ ਜੇਕਰ ਆਰਜ਼ੀ ਤੌਰ ’ਤੇ ਮਹਿੰਗੇ ਭਾਅ ਬਿਜਲੀ ਲੈਣੀ ਪੈਂਦੀ ਹੈ ਤਾਂ ਸੰਕਟ ਦੇ ਮੱਦੇਨਜ਼ਰ ਲੈ ਲੈਣੀ ਚਾਹੀਦੀ ਹੈ।
ਪੰਜਾਬ ਸਣੇ ਜਿਹੜੇ ਸੂਬੇ ਕੋਲਾ ਖਾਣਾਂ ਤੋਂ ਦੂਰ ਪੈਂਦੇ ਹਨ, ਉਨ੍ਹਾਂ ਨੂੰ ਇੱਕ ਹੋਰ ਬਦਲ ਸੁਝਾਇਆ ਗਿਆ ਹੈ। ਕੋਲਾ ਖਾਣਾਂ ਦੇ ਨੇੜੇ ਪੈਂਦੇ ਤਾਪ ਬਿਜਲੀ ਘਰਾਂ ਦੀ ਦੂਰਾਡੇ ਦੇ ਸੂਬੇ ਵਰਤੋਂ ਕਰ ਸਕਦੇ ਹਨ। ਅੱਗੇ ਬਰਸਾਤਾਂ ਦੇ ਮੌਸਮ ਵਿਚ ਕੋਲੇ ਦਾ ਉਤਪਾਦਨ ਘੱਟ ਜਾਣਾ ਹੈ ਜਿਸ ਕਰਕੇ ਕੋਲਾ ਸੰਕਟ ਹੋਰ ਵਧਣ ਦੀ ਸੰਭਾਵਨਾ ਹੈ। ਪਾਵਰਕੌਮ ਨੇ ਵਿਦੇਸ਼ੀ ਕੋਲੇ ਦੇ ਟੈਂਡਰ ਕੀਤੇ ਹੋਏ ਹਨ। ਬਿਜਲੀ ਐਕਸਚੇਂਜ ’ਚੋਂ ਇਸ ਵੇਲੇ 12 ਰੁਪਏ ਪ੍ਰਤੀ ਯੂਨਿਟ ਬਿਜਲੀ ਉਪਲੱਬਧ ਹੈ ਜਦੋਂ ਕਿ ਇਸ ਦੇ ਮੁਕਾਬਲੇ ਵਿਦੇਸ਼ੀ ਕੋਲੇ ਤੋਂ ਬਿਜਲੀ ਸਸਤੀ ਪੈਂਦੀ ਹੈ। ਪਾਵਰਕੌਮ ਨੂੰ ਕੋਲਾ ਸੰਕਟ ਕਰਕੇ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਵਿਚ ਰਾਤ ਸਮੇਂ ਬਿਜਲੀ ਦੀ ਮੰਗ 7500 ਮੈਗਾਵਾਟ ਤੱਕ ਪੁੱਜ ਰਹੀ ਹੈ ਜਦੋਂਕਿ ਦਿਨ ਵੇਲੇ ਮੰਗ ਘੱਟ ਹੁੰਦੀ ਹੈ। ਪੰਜਾਬ ਵਿਚ ਕਈ ਥਾਈਂ ਬਿਜਲੀ ਕੱਟ ਲੱਗਣੇ ਸ਼ੁਰੂ ਹੋ ਗਏ ਹਨ। ਸ਼ਹਿਰਾਂ ਵਿਚ ਛੋਟੇ ਅਤੇ ਪਿੰਡਾਂ ਵਿਚ ਰਾਤ ਵੇੇਲੇ ਪਾਵਰ ਕੱਟ ਲੱਗ ਰਹੇ ਹਨ। ਬਿਜਲੀ ਮਾਹਿਰਾਂ ਦਾ ਕਹਿਣਾ ਹੈ ਕਿ ਵਾਢੀ ਦਾ ਕੰਮ ਚੱਲਦਾ ਹੋਣ ਕਰਕੇ ਦਿਨ ਵੇਲੇ ਖ਼ੁਦ ਕਿਸਾਨ ਖੇਤੀ ਫੀਡਰ ਬੰਦ ਕਰਾ ਰਹੇ ਹਨ ਤੇ ਜਦੋਂ ਰਾਤ ਵਕਤ ਖੇਤੀ ਫੀਡਰ ਚੱਲਦੇ ਹਨ ਤਾਂ ਇਕਦਮ ਲੋਡ ਵਧ ਜਾਂਦਾ ਹੈ। ਅਗੇਤੇ ਬਿਜਲੀ ਕੱਟਾਂ ਕਰਕੇ ਲੋਕਾਂ ਦਾ ਪ੍ਰੇਸ਼ਾਨ ਹੋਣਾ ਵੀ ਸੁਭਾਵਿਕ ਹੈ। ਪਾਵਰਕੌਮ ਵੱਲੋਂ ਬਿਜਲੀ ਦੀ ਮੰਗ ਦੀ ਪੂਰਤੀ ਲਈ ਐਕਸਚੇਂਜ ’ਚੋਂ ਬਿਜਲੀ ਖ਼ਰੀਦ ਵੀ ਕੀਤੀ ਜਾ ਰਹੀ ਹੈ।
ਕੋਲਾ ਭੰਡਾਰ ਵਿੱਚ ਕੁਝ ਸੁਧਾਰ
ਪੰਜਾਬ ਵਿਚ ਇਸ ਵੇਲੇ ਲਹਿਰਾ ਮੁਹੱਬਤ ਤਾਪ ਬਿਜਲੀ ਘਰ ਕੋਲ ਅੱਠ ਦਿਨਾਂ ਦੇ ਕੋਲੇ ਦਾ ਭੰਡਾਰ ਹੈ ਜਦੋਂ ਕਿ ਰੋਪੜ ਤਾਪ ਬਿਜਲੀ ਘਰ ਵਿਚ 9 ਦਿਨਾਂ ਦਾ ਕੋਲਾ ਭੰਡਾਰ ਪਿਆ ਹੈ। ਰਾਜਪੁਰਾ ਥਰਮਲ ਪਲਾਂਟ ਵਿਚ ਵੀ 16 ਦਿਨਾਂ ਦਾ ਕੋਲਾ ਪਿਆ ਹੈ ਜਦੋਂ ਕਿ ਤਲਵੰਡੀ ਸਾਬੋ ਥਰਮਲ ਪਲਾਂਟ ਵਿਚ ਦੋ ਦਿਨ ਦਾ ਕੋਲਾ ਬਚਿਆ ਹੈ। ਗੋਇੰਦਵਾਲ ਥਰਮਲ ਪਲਾਂਟ ਦੇ ਯੂਨਿਟ ਬੰਦ ਹੋ ਚੁੱਕੇ ਹਨ। ਪਤਾ ਲੱਗਾ ਹੈ ਕਿ ਕੁਝ ਦਿਨਾਂ ਤੋਂ ਕੋਲਾ ਰੈਕ ਵੱਧ ਮਿਲਣ ਲੱਗੇ ਹਨ।