ਜੋਗਿੰਦਰ ਸਿੰਘ ਮਾਨ
ਮਾਨਸਾ, 20 ਫਰਵਰੀ
ਮਾਨਸਾ ਜ਼ਿਲ੍ਹੇ ’ਚ ਇਸ ਵਾਰ ਮੁੜ ਸਭ ਤੋਂ ਵੱਧ ਵੋਟਾਂ ਪੈਣ ਦਾ ਰਿਕਾਰਡ ਟੁੱਟ ਗਿਆ ਹੈ। ਜ਼ਿਲ੍ਹੇ ’ਚ ਸ਼ਾਮ 5 ਵਜੇ ਤੱਕ 73.45 ਫੀਸਦੀ ਵੋਟਾਂ ਭੁਗਤੀਆਂ ਸਨ, ਜਦਕਿ 6 ਵਜੇ ਤੋਂ ਬਾਅਦ ਪੋਲਿੰਗ ਸਟੇਸ਼ਨਾਂ ’ਤੇ ਵੋਟਰ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ। ਇਹ ਜ਼ਿਲ੍ਹਾ ਹਰ ਵਾਰ ਪੰਜਾਬ ਵਿਚੋਂ ਬਹੁਤੀ ਵਸੋਂ ਅਨਪੜ੍ਹ ਹੋਣ ਦੇ ਬਾਵਜੂਦ ਰਾਜਸੀ ਚੇਤਨਾ ਦਾ ਵੱਡਾ ਸਬੂਤ ਦਿੰਦਾ ਆ ਰਿਹਾ ਹੈ। ਸਾਲ 2017 ਵਿੱਚ 84.4 ਪ੍ਰਤੀਸ਼ਤ, 2012 ਵਿੱਚ 82.2 ਫੀਸਦੀ, 2007 ਵਿੱਚ 85.5 ਪ੍ਰਤੀਸ਼ਤ ਅਤੇ 2002 ’ਚ 72.4 ਪ੍ਰਤੀਸ਼ਤ ਲੋਕਾਂ ਨੇ ਚੋਣਾਂ ਵਿੱਚ ਭਾਗ ਲੈ ਕੇ ਇਸ ਜ਼ਿਲ੍ਹੇ ਨੂੰ ਰਾਜ ’ਚ ਮੋਹਰੀ ਬਣਾਇਆ। ਜ਼ਿਲ੍ਹਾ ਚੋਣ ਅਫ਼ਸਰ ਮਹਿੰਦਰ ਪਾਲ ਨੇ ਕਿਹਾ ਕਿ 5 ਵਜੇ ਤੱਕ ਜ਼ਿਲ੍ਹੇ ’ਚ 73.45 ਫੀਸਦੀ ਪੋਲਿੰਗ ਹੋਈ ਹੈ। ਹਲਕਾ ਮਾਨਸਾ ’ਚ 72 ਫੀਸਦੀ, ਸਰਦੂਲਗੜ੍ਹ ਵਿੱਚ 77 ਤੇ ਬੁਢਲਾਡਾ ’ਚ 73 ਫੀਸਦੀ ਵੋਟਾਂ ਪਈਆਂ।
ਬਰਨਾਲਾ (ਪਰਸ਼ੋਤਮ ਬੱਲੀ): ਜ਼ਿਲ੍ਹਾ ਬਰਨਾਲਾ ਵਿੱਚ ਵੋਟਾਂ ਪੈਣ ਦਾ ਕੰਮ ਸ਼ਾਂਤੀਪੂਰਨ ਨਾਲ ਨੇਪਰੇ ਚੜ੍ਹ ਗਿਆ। ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਭਦੌੜ, ਬਰਨਾਲਾ ਤੇ ਮਹਿਲ ਕਲਾਂ ’ਚ ਸ਼ਾਮ 5 ਵਜੇ ਤੱਕ ਪੋਲਿੰਗ 68.03 ਫੀਸਦ ਹੋਈ। ਜ਼ਿਲ੍ਹਾ ਚੋਣ ਅਫਸਰ ਕੁਮਾਰ ਸੌਰਭ ਰਾਜ ਨੇ ਦੱਸਿਆ ਕਿ ਅੱਜ ਸ਼ਾਮ 5 ਵਜੇ ਤੱਕ ਭਦੌੜ ’ਚ 71.30 ਫੀਸਦੀ, ਬਰਨਾਲਾ ’ਚ 66 ਫੀਸਦੀ ਤੇ ਮਹਿਲ ਕਲਾਂ ’ਚ 67.13 ਫੀਸਦੀ ਮਤਦਾਨ ਹੋਇਆ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਪ੍ਰੀਤ): ਮੁਕਤਸਰ ਦੇ 4 ਵਿਧਾਨ ਸਭਾ ਹਲਕਿਆਂ, ਮੁਕਤਸਰ, ਗਿੱਦੜਬਾਹਾ, ਲੰਬੀ ਤੇ ਮਲੋਟ ਵਿਚ ਵੋਟਾਂ ਪੈਣ ਦਾ ਕੰਮ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹ ਗਿਆ। ਜ਼ਿਲ੍ਹੇ ਭਰ ਵਿੱਚ ਸ਼ਾਮ ਤੱਕ (6:30 ਵਜੇ) 78 ਫੀਸਦੀ ਮਤਦਾਨ ਹੋਇਆ। ਡੀਸੀ ਦੇ ਦੱਸਿਆ ਕਿ ਸ਼ਾਮ 6 ਵਜੇ ਤੋਂ ਬਾਅਦ ਤੱਕ ਤਕਰੀਬਨ 4500 ਵੋਟਰ ਹਾਲੇ ਵੀ ਵੱਖ ਵੱਖ ਪੋਲਿੰਗ ਬੂਥਾਂ ’ਤੇ ਵੋਟਾਂ ਪਾਉਣ ਦਾ ਇੰਤਜ਼ਾਰ ਕਰ ਰਹੇ ਸਨ, ਜਿਸ ਉਪਰੰਤ ਦੇਰ ਰਾਤ ਅਸਲ ਪੋਲ ਪ੍ਰਤੀਸ਼ਤ ਪ੍ਰਾਪਤ ਹੋਵੇਗੀ।
ਮੋਗਾ (ਮਹਿੰਦਰ ਸਿੰਘ ਰੱਤੀਆਂ): ਇੱਥੇ ਜ਼ਿਲ੍ਹੇ ਵਿੱਚ ਕੁੱਲ 4 ਹਲਕਿਆਂ ’ਚ ਕਈ ਬੂਥਾਂ ਉੱਤੇ ਸ਼ਾਮ 5 ਵਜੇ ਤੋਂ ਬਾਅਦ ਲੱਗੀਆਂ ਕਤਾਰਾਂ ਕਾਰਨ ਦੇਰ ਰਾਤ ਤੱਕ ਵੋਟਿੰਗ ਹੋਈ। ਜ਼ਿਲ੍ਹੇ ਵਿੱਚ ਸ਼ਾਮ 5 ਵਜੇ ਤੱਕ 59.87 ਫ਼ੀਸਦੀ ਵੋਟਿੰਗ ਹੋਈ। ਮੋਗਾ ਵਿਧਾਨ ਸਭਾ ਹਲਕੇ ਵਿੱਚ 52 ਫ਼ੀਸਦੀ, ਧਰਮਕੋਟ ’ਚ 67.49, ਬਾਘਾਪੁਰਾਣਾ ਵਿੱਚ 67 ਫ਼ੀਸਦੀ ਤੇ ਨਿਹਾਲ ਸਿੰਘ ਵਾਲਾ ਵਿਚ 60 ਫ਼ੀਸਦੀ ਵੋਟਿੰਗ ਹੋਈ ਹੈ।
ਫ਼ਿਰੋਜ਼ਪੁਰ (ਸੰਜੀਵ ਹਾਂਡਾ): ਜ਼ਿਲ੍ਹਾ ਫਿਰੋਜ਼ਪੁਰ ਵਿੱਚ ਅੱਜ ਸ਼ਾਮ ਪੰਜ ਵਜੇ ਤੱਕ 66.26 ਪ੍ਰਤੀਸ਼ਤ ਮਤਦਾਨ ਹੋਇਆ। ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਵਿਚ ਗੁਰੂਹਰਸਹਾਏ ਸਭ ਤੋਂ ਮੋਹਰੀ ਰਿਹਾ, ਜਿਥੇ 73.6 ਫ਼ੀਸਦੀ ਮਤਦਾਨ ਹੋਇਆ। ਦੂਜੇ ਨੰਬਰ ਤੇ ਫ਼ਿਰੋਜ਼ਪੁਰ ਦਿਹਾਤੀ ਹਲਕਾ ਰਿਹਾ ਜਿਥੇ 68 ਫ਼ੀਸਦ, ਜ਼ੀਰਾ 63 ਪ੍ਰਤੀਸ਼ਤ ਨਾਲ ਤੀਜੇ ਨੰਬਰ ਅਤੇ ਫ਼ਿਰੋਜ਼ਪੁਰ ਸ਼ਹਿਰੀ ’ਚ 61 ਪ੍ਰਤੀਸ਼ਤ ਵੋਟਾਂ ਨਾਲ ਫਾਡੀ ਰਿਹਾ।
ਬਠਿੰਡਾ (ਸ਼ਗਨ ਕਟਾਰੀਆ): ਬਠਿੰਡਾ ਜ਼ਿਲ੍ਹੇ ’ਚ ਆਉਂਦੇ 6 ਵਿਧਾਨ ਸਭਾ ਹਲਕਿਆਂ ਵਿੱਚੋਂ ਸ਼ਾਮ 5 ਵਜੇ ਤੱਕ 69.86 ਫੀਸਦ ਮਤਦਾਨ ਹੋਇਆ। ਬਠਿੰਡਾ (ਸ਼ਹਿਰੀ) ਹਲਕੇ ਦੇ 63.6 ਪ੍ਰਤੀਸ਼ਤ, ਬਠਿੰਡਾ (ਦਿਹਾਤੀ) ਦੇ 70.2, ਰਾਮਪੁਰਾ ਦੇ 72.4, ਭੁੱਚੋ ਦੇ 65.13, ਮੌੜ ਦੇ 72.87 ਅਤੇ ਤਲਵੰਡੀ ਸਾਬੋ ਦੇ 74.96 ਫੀਸਦ ਵੋਟਰਾਂ ਨੇ ਵੋਟਾਂ ਪਾਈਆਂ।
ਫ਼ਰੀਦਕੋਟ ਦੇ ਪਿੰਡ ਸਾਧੂਵਾਲਾ ਵਿਚ 94 ਫੀਸਦ ਵੋਟਿੰਗ
ਫ਼ਰੀਦਕੋਟ (ਜਸਵੰਤ ਜੱਸ): ਫ਼ਰੀਦਕੋਟ ਜ਼ਿਲ੍ਹੇ ਵਿੱਚ ਵਿਧਾਨ ਸਭਾ ਚੋਣਾਂ ਦੀ ਪ੍ਰਕਿਰਿਆ ਸੁੱਖੀ ਸਾਂਦੀ ਮੁਕੰਮਲ ਹੋ ਗਈ ਅਤੇ ਇੱਥੇ 70 ਫੀਸਦੀ ਮਤਦਾਨ ਹੋਇਆ। ਫ਼ਰੀਦਕੋਟ ਵਿਧਾਨ ਸਭਾ ਹਲਕੇ ਵਿੱਚ 74.06 ਫ਼ੀਸਦੀ ਪੋਲਿੰਗ ਹੋਈ ਹੈ। ਕੋਟਕਪੂਰਾ ਵਿਧਾਨ ਸਭਾ ਹਲਕੇ ਵਿਚ 76.06 ਫ਼ੀਸਦੀ ਵੋਟ ਪੋਲ ਹੋਣ ਦੀ ਸੂਚਨਾ ਹੈ। ਰਾਖਵੇਂ ਹਲਕੇ ਜੈਤੋ ਵਿੱਚ 76.02 ਫ਼ੀਸਦੀ ਵੋਟ ਪੋਲ ਹੋਈ। ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਸਾਧੂਵਾਲਾ ਵਿੱਚ 94 ਫੀਸਦੀ ਫ਼ੀਸਦੀ ਵੋਟ ਪੋਲ ਹੋਈ ਹੈ ਜੋ ਹੁਣ ਤੱਕ ਸਭ ਤੋਂ ਵੱਧ ਗਿਣੀ ਗਈ ਹੈ। ਸਮੁੱਚੇ ਵਿਧਾਨ ਸਭਾ ਹਲਕੇ ਵਿੱਚ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਨ ਦੀ ਸੂਚਨਾ ਨਹੀਂ ਹੈ। ਹਾਲਾਂਕਿ ਕੁਝ ਬੂਥਾਂ ’ਤੇ ਦੇਰੀ ਨਾਲ ਵੋਟ ਸ਼ੁਰੂ ਹੋਣ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਵੋਟਰਾਂ ਨੇ ਇਹ ਵੀ ਗਿਲਾ ਜ਼ਾਹਿਰ ਕੀਤਾ ਕਿ ਵੋਟਾਂ ਲਈ ਉਨ੍ਹਾਂ ਨੂੰ ਲੰਬਾ ਸਮਾਂ ਲਾਈਨ ਵਿੱਚ ਖੜ੍ਹਨਾ ਪਿਆ ਅਤੇ ਇਸ ਵਾਰ ਮਸ਼ੀਨਾਂ ਰਾਹੀਂ ਵੋਟ ਪਾਉਣ ਦੀ ਪ੍ਰਕਿਰਿਆ ਬੇਹੱਦ ਲੰਬੀ ਸੀ। ਪਿੰਡ ਕੰਮੇਆਣਾ ਦੇ ਬੂਥ ਨੰਬਰ 131 ਵਿੱਚ ਦੋ ਘੰਟੇ ਲਾਈਨਾਂ ਵਿੱਚ ਖੜ੍ਹਨ ਤੋਂ ਬਾਅਦ ਬਹੁਤ ਸਾਰੇ ਵੋਟਰ ਅੱਕ ਕੇ ਵਾਪਸ ਚਲੇ ਗਏ। ਵੋਟਰਾਂ ਨੇ ਦੋਸ਼ ਲਾਇਆ ਕਿ ਬਿਜਲੀ ਦੇ ਪ੍ਰਬੰਧ ਮੁਕੰਮਲ ਨਾ ਹੋਣ ਕਾਰਨ ਪਿੰਡ ਕੰਮੇਆਣਾ ਵਿੱਚ ਵੋਟਾਂ ਪੈਣੀਆਂ ਦੇਰੀ ਨਾਲ ਸ਼ੁਰੂ ਹੋਈਆਂ।
ਫਾਜ਼ਿਲਕਾ (ਪਰਮਜੀਤ ਸਿੰਘ): ਵਿਧਾਨ ਸਭਾ ਦੀਆਂ ਚੋਣਾਂ ਲਈ ਜ਼ਿਲ੍ਹੇ ਫ਼ਾਜ਼ਿਲਕਾ ਦੀਆਂ ਚਾਰ ਵਿਧਾਨ ਸਭਾ ਹਲਕਿਆਂ ’ਚ ਵੋਟਾਂ ਪਾਉਣ ਦਾ ਕੰਮ ਲਗਪਗ ਅਮਨ ਸ਼ਾਂਤੀ ਨਾਲ ਨੇਪਰੇ ਚੜ੍ਹਿਆ ਅਤੇ ਜ਼ਿਲ੍ਹੇ ਭਰ ਦੀ ਕੁੱਲ ਵੋਟ ਪੋਲ ਹੋਈ। ਅਬੋਹਰ ’ਚ 72.2, ਬੱਲੂਆਣਾ ’ਚ 76.7, ਫਾਜ਼ਿਲਕਾ ’ਚ 77.4 ਅਤੇ ਜਲਾਲਾਬਾਦ 77.6 ਫੀਸਦੀ ਮਤਦਾਨ ਹੋਇਆ।
ਵੈਂਟੀਲੈਟਰ ’ਤੇ ਵੋਟ ਪਾਉਣ ਪੁੱਜਾ ਮਰੀਜ਼
ਬਟਾਲਾ (ਦਲਬੀਰ ਸੱਖੋਵਾਲੀਆ/ ਹਰਜੀਤ ਸਿੰਘ): ਅੰਮ੍ਰਿਤਸਰ ਦੇ ਹਸਪਤਾਲ ਵਿੱਚ ਦਾਖ਼ਲ ਇੱਥੋਂ ਦੇ ਇਕ ਵਿਅਕਤੀ ਨੇ ਇਥੇ ਆ ਕੇ ਵੋਟ ਪਾਈ। ਫੇਫੜਿਆਂ ਦੀ ਲਾਗ ਤੋਂ ਪੀੜਤ ਹੋਣ ਕਰਕੇ ਕ੍ਰਿਸ਼ਨ ਲਾਲ ਨਾਂ ਦਾ ਮਰੀਜ਼ ਪਿਛਲੇ ਇਕ ਮਹੀਨੇ ਤੋਂ ਹਸਪਤਾਲ ਦਾਖ਼ਲ ਹੈ ਅਤੇ ਉਸ ਨੂੰ ਵੈਂਟੀਲੈਟਰ ’ਤੇ ਰੱਖਿਆ ਹੋਇਆ ਹੈ। ਅੱਜ ਵੀ ਉਹ ਹਸਪਤਾਲ ਤੋਂ ਬੂਥ ਤੱਕ ਗੱਡੀ ਵਿਚ ਆਕਸੀਜਨ ਲਾ ਕੇ ਆਇਆ ਸੀ ਅਤੇ ਉਸ ਨੇ ਇੱਥੇ ਪੋਲਿੰਗ ਪੁੱਜ ਕੇ ਆਕਸੀਜਨ ਉਤਾਰੀ।
ਵੋਟ ਪਾਉਣ ਆਏ ਕੁੰਵਰ ਵਿਜੈ ਪ੍ਰਤਾਪ ਨੇ ਵੇਰਕਾ ਨੂੰ ਪਾਈ ਗਲਵੱਕੜੀ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ ): ਅੰਮ੍ਰਿਤਸਰ ਉੱਤਰੀ ਵਿਧਾਨ ਸਭਾ ਹਲਕੇ ਤੋਂ ਮੁੱਖ ਮੁਕਾਬਲਾ ਅਕਾਲੀ ਉਮੀਦਵਾਰ ਅਨਿਲ ਜੋਸ਼ੀ ਸਾਬਕਾ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੁੰਵਰ ਵਿਜੇ ਪ੍ਰਤਾਪ ਸਿੰਘ ਵਿਚਾਲੇ ਹੈ। ਇੱਥੇ ਹੋਏ ਚਾਰ ਕੋਨੇ ਮੁਕਾਬਲੇ ਵਿੱਚ ਕਾਂਗਰਸ ਦੇ ਸੁਨੀਲ ਦੱਤੀ ਤੇ ਭਾਜਪਾ ਦੇ ਸੁਖਮਿੰਦਰ ਸਿੰਘ ਪਿੰਟੂ ਵੀ ਸ਼ਾਮਲ ਹਨ। ਅੱਜ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਉੱਤਰੀ ਵਿੱਚ 56.4 ਫੀਸਦ ਵੋਟਾਂ ਪਈਆਂ। ਇੱਥੋਂ ‘ਆਪ’ ਆਗੂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਮਾਨਵ ਪਬਲਿਕ ਸਕੂਲ ਵਿੱਚ ਵੋਟ ਪਾਈ, ਇਸੇ ਦੌਰਾਨ ਉਥੇ ਕਾਂਗਰਸ ਦੇ ਅੰਮ੍ਰਿਤਸਰ ਪੱਛਮੀ ਹਲਕੇ ਤੋਂ ਉਮੀਦਵਾਰ ਰਾਜ ਕੁਮਾਰ ਵੇਰਕਾ ਵੀ ਪੁੱਜੇ ਹੋਏ ਸਨ। ਦੋਵਾਂ ਆਗੂ ਇੱਕ-ਦੂਜੇ ਨੂੰ ਗਲਵੱਕੜੀ ਪਾ ਕੇ ਮਿਲੇ।