ਲਖਵਿੰਦਰ ਸਿੰਘ
ਮਲੋਟ, 27 ਅਗਸਤ
ਸ਼ਹਿਰ ਦੀ ਦਾਣਾ ਮੰਡੀ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵੱਲੋਂ ਵਿਸ਼ਾਲ ਕਾਨਫਰੰਸ ਕੀਤੀ ਗਈ, ਜਿਸ ਵਿਚ ਔਰਤਾਂ ਸਮੇਤ ਵੱਖ-ਵੱਖ ਪਿੰਡਾਂ ਤੋਂ ਆਏ ਸੈਂਕੜੇ ਕਿਸਾਨਾਂ ਦੇ ਨਾਲ ਨਾਲ ਸ਼ਹਿਰ ਵਾਸੀਆਂ ਨੇ ਵੀ ਸ਼ਮੂਲੀਅਤ ਕੀਤੀ ਅਤੇ ਅੱਧੀ ਦਰਜਨ ਦੇ ਕਰੀਬ ਬੁਲਾਰਿਆਂ ਨੇ ਸੰਬੋਧਨ ਕੀਤਾ। ਕਿਸਾਨ ਆਗੂ ਸੁਖਦੇਵ ਸਿੰਘ ਬੂੜਾਗੁੱਜਰ ਅਨੁਸਾਰ ਇਹ ਇਕੱਠ ਕਿਸਾਨਾਂ ਨੂੰ ਦਿੱਲੀ ਜਾਣ ਲਈ ਲਾਮਬੰਦ ਕਰਨ ਲਈ ਕੀਤਾ ਗਿਆ, ਨਾ ਕੇ ਵੋਟਾਂ ਜਾਂ ਕੋਈ ਹੋਰ ਲਾਭ ਲੈਣ ਲਈ। ਵੱਧ ਤੋਂ ਵੱਧ ਕਿਸਾਨ ਦਿੱਲੀ ਸ਼ਮੂਲੀਅਤ ਕਰਨ ਤਾਂ ਕੇ ਕਾਲੇ ਖੇਤੀ ਕਾਨੂੰਨ ਵਾਪਸ ਕਰਵਾਏ ਜਾਣ। ਇਸ ਮੌਕੇ ਜਗਜੀਤ ਸਿੰਘ ਡੱਲੇਵਾਲ ਪੰਜਾਬ ਪ੍ਰਧਾਨ ਬੀਕੇਯੂ ਸਿੱਧੂਪੁਰ, ਨਿਰਮਲ ਸਿੰਘ ਜੱਸੇਆਣਾ ਜ਼ਿਲ੍ਹਾ ਜਰਨਲ ਸਕੱਤਰ ਤੇ ਸਮੁੰਦ ਸਿੰਘ ਮੀਤ ਪ੍ਰਧਾਨ ਨੇ ਕਿਹਾ ਕਿ ਉਹ ਸਮੂਹ ਕਿਸਾਨਾਂ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਹਨ।
ਇਸ ਮੌਕੇ ਬਲਾਕ ਪ੍ਰਧਾਨ ਮਲੋਟ ਬਲਜੀਤ ਸਿੰਘ ਬੋਦੀ ਵਾਲਾ, ਹਰਦਿਆਲ ਸਿੰਘ ਬਲਾਕ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ, ਬਾਹਲਾ ਸਿੰਘ ਪ੍ਰਧਾਨ ਬਰੀਵਾਲਾ,ਗੋਰਾ ਸਿੰਘ ਪ੍ਰਧਾਨ ਗਿੱਦੜਬਾਹਾ, ਹਰਭਗਵਾਨ ਸਿੰਘ ਪ੍ਰਧਾਨ ਲੰਬੀ ਤੋਂ ਇਲਾਵਾ ਇਲਾਕੇ ਪੰਜਾਬੀ ਅਦਾਕਾਰ ਪ੍ਰਕਾਸ਼ ਸਿੰਘ ਗਾਧੂ ਵੀ ਮੰਚ ‘ਤੇ ਹਾਜ਼ਰ ਸਨ। ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਪੰਜਾਬੀ ਲੋਕ ਗਾਇਕ ਹਰਿੰਦਰ ਸੰਧੂ ਨੇ ਕਿਸਾਨ ਅਤੇ ਕਿਸਾਨੀ ਸਬੰਧੀ ਆਪਣੇ ਗੀਤਾਂ ਰਾਹੀਂ ਕਿਸਾਨਾਂ ਤੇ ਉਤਸ਼ਾਹ ਭਰਿਆ।