ਨਿੱਜੀ ਪੱਤਰ ਪ੍ਰੇਰਕ
ਮੋਗਾ, 29 ਅਕਤੂਬਰ
ਪਿੰਡ ਮੱਲਕੇ ’ਚ ਲਗਪਗ ਛੇ ਵਰ੍ਹੇ ਪਹਿਲਾਂ ਹੋਈ ਬੇਅਦਬੀ ਮਾਮਲੇ ਵਿੱਚ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਨੇ ਮੁਲਜ਼ਮਾਂ ਦੀ ਫਿੰਗਰ ਪ੍ਰਿੰਟ ਤਸਦੀਕ ਕਰਵਾਉਣ ਦੀ ਸਮੀਖਿਆ ਪਟੀਸ਼ਨ ਖਾਰਜ ਕਰ ਦਿੱਤੀ ਹੈ। ਇਸ ਤਹਿਤ ਹੇਠਲੀ ਅਦਾਲਤ ’ਚ ਕੇਸ ਦੀ ਸੁਣਵਾਈ ’ਤੇ ਲੱਗੀ ਰੋਕ ਵੀ ਖ਼ਤਮ ਹੋ ਗਈ ਹੈ। ਇਸ ਮਾਮਲੇ ਦੀ ਹੁਣ ਅਗਲੀ ਸੁਣਵਾਈ ਸਥਾਨਕ ਜੁਡੀਸ਼ਲ ਮੈਜਿਸਟਰੇਟ ਦਰਜਾ ਪਹਿਲਾ (ਜੇਐੱਮਆਈਸੀ) ਰਾਹੁਲ ਗਰਗ ਦੀ ਅਦਾਲਤ ਵਿੱਚ 3 ਦਸੰਬਰ ਨੂੰ ਹੋਵੇਗੀ। ਇਸ ਮਾਮਲੇ ਵਿੱਚ ਮੱਲਕੇ ਵਾਸੀ ਮਿੱਠੂ ਸਿੰਘ, ਅਮਰਦੀਪ ਸਿੰਘ, ਡੇਰਾ ਸਿਰਸਾ ਕਮੇਟੀ ਆਗੂ ਪਿਰਥੀ ਸਿੰਘ ਤੋਂ ਇਲਾਵਾ ਸਤਪਾਲ ਸੱਤਾ ਤੇ ਦੇਵਿੰਦਰ ਸਿੰਘ ਸਣੇ ਪੰਜ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਮਾਮਲੇ ਵਿੱਚ ਨਾਮਜ਼ਦ ਤਿੰਨ ਹੋਰ ਮੁਲਜ਼ਮ ਸੰਦੀਪ ਬਰੇਟਾ, ਪ੍ਰਦੀਪ ਕਲੇਰ ਤੇ ਹਰਸ਼ ਧੂਰੀ ਭਗੌੜੇ ਐਲਾਨੇ ਜਾ ਚੁੱਕੇ ਹਨ। ਡੇਰਾ ਪ੍ਰੇਮੀ ਮਹਿੰਦਰ ਪਾਲ ਬਿੱਟੂ ਨੇ ਵੀ ਦੋਸ਼ ਕਬੂਲਦਿਆਂ ਧਾਰਾ 164 ਸੀਆਰਪੀਸੀ ਤਹਿਤ ਬਿਆਨ ਦਰਜ ਕਰਵਾਇਆ ਸੀ।