ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 23 ਅਕਤੂਬਰ
ਇੱਥੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਆਈਏਐੱਸ ਤੇ ਆਈਪੀਐੱਸ ਅਧਿਕਾਰੀਆਂ ਨੂੰ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਹਰ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਨ ਦੇ ਆਦੇਸ਼ ਦਿੱਤੇ ਹਨ। ਸ੍ਰੀ ਮਾਨ ਨੇ ਦੀਵਾਲੀ ਦੇ ਸ਼ੁਭ ਮੌਕੇ ਵਧਾਈ ਦਿੰਦਿਆਂ ਕਿਹਾ ਕਿ ਅਧਿਕਾਰੀ ਸੂਬਾ ਸਰਕਾਰ ਦੀ ਰੀੜ੍ਹ ਦੀ ਹੱਡੀ ਹਨ ਅਤੇ ਇਨ੍ਹਾਂ ਨੂੰ ਪੰਜਾਬ ਦੀ ਤਰੱਕੀ ਤੇ ਇਸ ਦੇ ਲੋਕਾਂ ਦੀ ਖੁਸ਼ਹਾਲੀ ਯਕੀਨੀ ਬਣਾਉਣ ਲਈ ਆਪਣੀ ਡਿਊਟੀ ਮਿਹਨਤ ਤੇ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣਾ ਸਮੇਂ ਦੀ ਲੋੜ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਨੂੰ ਉੱਚ ਵਿਕਾਸ ਦੀਆਂ ਲੀਹਾਂ ’ਤੇ ਪਾਉਣਾ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਨਿਭਾਉਣ ਦੀ ਵਾਰੀ ਹੁਣ ਅਧਿਕਾਰੀਆਂ ਦੀ ਹੈ ਤਾਂ ਜੋ ਸਾਡੇ ਮਹਾਨ ਆਜ਼ਾਦੀ ਘੁਲਾਟੀਆਂ ਦੇ ਸੁਫ਼ਨੇ ਪੂਰੇ ਕੀਤੇ ਜਾ ਸਕਣ। ਉਨ੍ਹਾਂ ਆਸ ਪ੍ਰਗਟਾਈ ਕਿ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਹਰ ਅਧਿਕਾਰੀ ਆਪਣੀ ਪੂਰੀ ਵਾਹ ਲਾਵੇਗਾ।
ਸ੍ਰੀ ਮਾਨ ਨੇ ਦੀਵਾਲੀ ਮੌਕੇ ਅਧਿਕਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਮੁੱਖ ਮੰਤਰੀ ਨੇ ਸਾਰੇ ਅਧਿਕਾਰੀਆਂ ਨੂੰ ਚੌਕਸ ਰਹਿਣ ਦਾ ਸੱਦਾ ਦਿੱਤਾ ਤਾਂ ਜੋ ਲੋਕ ਰੋਸ਼ਨੀਆਂ ਦੇ ਇਸ ਤਿਉਹਾਰ ਨੂੰ ਪੂਰੀ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾ ਸਕਣ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਪੂਰੀ ਸਾਵਧਾਨੀ ਵਰਤੀ ਜਾਵੇ ਅਤੇ ਕੋਈ ਹਾਦਸਾ ਵਾਪਰਣ ’ਤੇ ਜਾਨ-ਮਾਲ ਦੇ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਲਈ ਉਪਰਾਲੇ ਤੇਜ਼ ਕੀਤੇ ਜਾਣ। ਸ੍ਰੀ ਮਾਨ ਨੇ ਅਧਿਕਾਰੀਆਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਦੀਵਾਲੀ ਦੀ ਰਾਤ ਕਿਸੇ ਵੀ ਤਰ੍ਹਾਂ ਦੀ ਮੰਦਭਾਗੀ ਘਟਨਾ ਨਾਲ ਨਜਿੱਠਣ ਲਈ ਸੂਬੇ ਭਰ ਦੇ ਹਸਪਤਾਲਾਂ ਨੂੰ ਚੌਕਸ ਰਹਿਣਾ ਚਾਹੀਦਾ ਹੈ।
ਬਾਬਾ ਬੁੱਢਾ ਸਾਹਿਬ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਟਵੀਟ ਕਰ ਕੇ ਪੰਜਾਬ ਵਾਸੀਆਂ ਨੂੰ ਬਾਬਾ ਬੁੱਢਾ ਸਾਹਿਬ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤਆਂ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਵਿੱਚ ਬੇਹੱਦ ਸਤਿਕਾਰਯੋਗ ਗੁਰੂ ਘਰ ਦੇ ਸੱਚੇ ਸੇਵਕ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੇ ਆਪਣੀ ਸਾਰੀ ਉਮਰ ਗੁਰੂ ਘਰ ਦੇ ਲੇਖੇ ਲਾ ਦਿੱਤੀ। ਉਨ੍ਹਾਂ ਸਿੱਖ ਸੰਗਤ ਨੂੰ ਵਧਾਈ ਦਿੰਦਿਆਂ ਬਾਬਾ ਬੁੱਢਾ ਸਾਹਿਬ ਦੇ ਦੱਸੇ ਰਾਹ ’ਤੇ ਚੱਲਣ ਦੀ ਅਪੀਲ ਕੀਤੀ।