ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 8 ਮਾਰਚ
ਪੰਜਾਬ ਦੇ ਬਹੁਚਰਚਿਤ ਨਸ਼ਾ ਤਸਕਰੀ ਮਾਮਲੇ ਵਿੱਚ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ੀ ਤੋਂ ਬਾਅਦ ਸਮੇਂ ਸਿਰ ਵਾਪਸ ਜੇਲ੍ਹ ਨਾ ਪਹੁੰਚਣ ਕਾਰਨ ਸਰਕਾਰ ਅਤੇ ਜੇਲ੍ਹ ਸਟਾਫ਼ ਨੂੰ ਭਾਜੜਾਂ ਪੈ ਗਈਆਂ। ਮਜੀਠੀਆ ਕਰੀਬ ਸਾਢੇ 12 ਵਜੇ ਮੁਹਾਲੀ ਅਦਾਲਤ ਤੋਂ ਵਾਪਸੀ ਲਈ ਰਵਾਨਾ ਹੋਏ ਸੀ ਪਰ ਉਹ ਜੇਲ੍ਹ ਪਹੁੰਚਣ ਦੀ ਬਜਾਏ ਰਸਤੇ ਵਿੱਚ ਇਕ ਢਾਬੇ ’ਤੇ ਰੁਕ ਗਏ ਅਤੇ ਉੱਥੇ ਅਕਾਲੀ ਦਲ ਦੇ ਸੀਨੀਅਰ ਆਗੂਆਂ ਅਤੇ ਸਮਰਥਕਾਂ ਨਾਲ ਰੋਟੀ ਖਾਧੀ ਅਤੇ ਚਾਹ ਦਾ ਪਿਆਲਾ ਸਾਂਝਾ ਕੀਤਾ। ਇਸ ਦੌਰਾਨ ਪੁਲੀਸ ਮੁਲਾਜ਼ਮਾਂ ਨੇ ਵੀ ਢਾਬੇ ’ਤੇ ਰੋਟੀ ਖਾਧੀ।
ਮੁਹਾਲੀ ਤੋਂ ਪਟਿਆਲਾ ਤੱਕ ਕਰੀਬ ਸਵਾ ਘੰਟਾ ਲੱਗਦਾ ਹੈ ਪਰ ਮਜੀਠੀਆ ਸ਼ਾਮ ਪੰਜ ਵਜੇ ਜੇਲ੍ਹ ਪੁੱਜੇ। ਸੂਤਰ ਦੱਸਦੇ ਹਨ ਕਿ ਅਕਾਲੀ ਆਗੂ ਨੇ ਢਾਬੇ ’ਤੇ ਆਪਣੇ ਸਮਰਥਕਾਂ ਨਾਲ ਹਾਸਾ-ਠੱਠਾ ਕੀਤਾ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਰਸਤੇ ਵਿੱਚ ਦੋ ਟਰਾਲੀਆ ਕਾਰਨ ਮਜੀਠੀਆ ਦਾ ਕਾਫ਼ਲਾ 15 ਤੋਂ 20 ਮਿੰਟ ਤੱਕ ਬਨੂੜ ਤੋਂ ਰਾਜਪੁਰਾ ਸੜਕ ’ਤੇ ਜਾਮ ਵਿੱਚ ਉਲਝਿਆ ਰਿਹਾ। ਇਸ ਸਬੰਧੀ ਉੱਚ ਅਧਿਕਾਰੀਆਂ ਨੇ ਦੇਰੀ ਹੋਣ ਦਾ ਕਾਰਨ ਪੁੱਛਿਆ ਤਾਂ ਮਜੀਠੀਆ ਨੇ ਜਾਮ ਵਿੱਚ ਫਸਣ ਅਤੇ ਢਾਬੇ ’ਤੇ ਰੁਕ ਕੇ ਰੋਟੀ ਖਾਣ ਦਾ ਸੱਚ ਬਿਆਨ ਕੀਤਾ।
ਚੰਨੀ, ਰੰਧਾਵਾ ਤੇ ਸਿੱਧੂ ਦੀ ਵੀ ਆਏਗੀ ਵਾਰੀ: ਮਜੀਠੀਆ
ਪਟਿਆਲਾ (ਗੁਰਨਾਮ ਸਿੰਘ ਅਕੀਦਾ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਹ ਪਟਿਆਲਾ ਜੇਲ੍ਹ ਵਿਚ ਚਰਨਜੀਤ ਸਿੰਘ ਚੰਨੀ, ਹਨੀ, ਸੁਖਜਿੰਦਰ ਸਿੰਘ ਰੰਧਾਵਾ ਤੇ ਨਵਜੋਤ ਸਿੱਧੂ ਲਈ ਬੈਰਕਾਂ ਤਿਆਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਵਰਕਰ ਉਨ੍ਹਾਂ ਦੀ ਫਿਕਰ ਨਾ ਕਰਨ। ਉਹ ਜੇਲ੍ਹ ਵਿੱਚ ਕੁਝ ਸਮਾਂ ਆਰਾਮ ਕਰਨ ਗਏ ਹਨ। ਇਸ ਸਬੰਧੀ ਹਰਪਾਲ ਜੁਨੇਜਾ ਵੱਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ ਮਜੀਠੀਆ ਨੇ ਕਿਹਾ ਹੈ ਕਿ ਉਹ ਪੂਰੀ ਤਰ੍ਹਾਂ ਵਿਚ ਹਨ। ਉਨ੍ਹਾਂ ਦਾ ਮਨੋਬਲ ਕੋਈ ਨਹੀਂ ਤੋੜ ਸਕਦਾ। ਬਿਆਨ ਅਨੁਸਾਰ ਮਜੀਠੀਆ ਨੇ ਕਿਹਾ, ‘‘ਇਹ ਸਾਰਾ ਕੇਸ ਬਦਲਾਖੋਰੀ ਦਾ ਹੈ। ਮੈਂ ਪੰਜਾਬ ਵਾਸੀ ਹਾਂ। ਮੈਂ ਪੰਜਾਬ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਕਰ ਸਕਦਾ। ਇਹ ਗੱਲ ਪੱਕੀ ਹੈ ਕਿ ਪਟਿਆਲਾ ਜੇਲ੍ਹ ਵਿੱਚ ਮੈਂ ਬੈਰਕਾਂ ਦੇਖ ਰਿਹਾ ਹਾਂ ਤੇ ਨਵਜੋਤ ਸਿੱਧੂ ਤੋਂ ਲੈ ਕੇ ਚੰਨੀ, ਹਨੀ, ਰੰਧਾਵਾ ਵਰਗੇ ਸਾਰੇ ਹੀ ਇਕ ਦਿਨ ਜੇਲ੍ਹ ਵਿਚ ਹੋਣਗੇ। ਉਨ੍ਹਾਂ ਲਈ ਬੈਰਕਾਂ ਤਿਆਰ ਹੋ ਰਹੀਆਂ ਹਨ।’’