ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 31 ਜਨਵਰੀ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਉਨ੍ਹਾਂ ਖ਼ਿਲਾਫ਼ ਚੋਣ ਲੜ ਰਹੇ ਅਕਾਲੀ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਨੂੰ ਮਜੀਠਾ ਵਿਧਾਨ ਸਭਾ ਹਲਕੇ ਨੂੰ ਛੱਡ ਕੇ ਸਿਰਫ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਚੋਣ ਲੜਨ ਦੀ ਦਿੱਤੀ ਚੁਣੌਤੀ ਤੋਂ ਬਾਅਦ ਚਰਚਾ ਚੱਲ ਰਹੀ ਹੈ ਕਿ ਮਜੀਠੀਆ ਇਹ ਚੁਣੌਤੀ ਕਬੂਲਦਿਆਂ ਮਜੀਠਾ ਹਲਕਾ ਛੱਡ ਸਕਦੇ ਹਨ। ਪਰ ਉਨ੍ਹਾਂ ਦੇ ਨਜ਼ਦੀਕੀਆਂ ਅਤੇ ਪਾਰਟੀ ਆਗੂਆਂ ਨੇ ਇਸ ਸੰਭਾਵਨਾ ਤੋਂ ਸਪੱਸ਼ਟ ਨਾਂਹ ਕਰ ਦਿੱਤੀ ਹੈ। ਹਾਲਾਂਕਿ ਉਨ੍ਹਾਂ ਦੀ ਪਤਨੀ ਗੁਨੀਵ ਕੌਰ ਨੇ ਹਲਕਾ ਮਜੀਠਾ ਤੋਂ ਅਕਾਲੀ ਦਲ-ਬਸਪਾ ਉਮੀਦਵਾਰ ਵਜੋਂ ਕਾਗਜ਼ ਦਾਖਲ ਕੀਤੇ ਹਨ।
ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਨੇ ਅਜਿਹਾ ਕੋਈ ਫ਼ੈਸਲਾ ਨਹੀਂ ਲਿਆ। ਉਹ ਦੋਵਾਂ ਹਲਕਿਆਂ ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਵੱਲੋਂ ਚੁਣੌਤੀ ਦਿੱਤੀ ਗਈ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਇਕ ਹਲਕਾ ਛੱਡ ਰਹੇ ਹਨ। ਮਜੀਠੀਆ ਦੇ ਨੇੜਲੇ ਸੂਤਰਾਂ ਨੇ ਵੀ ਕਿਹਾ ਕਿ ਅਜਿਹੀ ਕੋਈ ਸੰਭਾਵਨਾ ਨਹੀਂ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਮਜੀਠਾ ਵਿਚ ਚੋਣ ਪ੍ਰਚਾਰ ਦੌਰਾਨ ਮਜੀਠੀਆ ਨੇ ਹਲਕੇ ਦੇ ਲੋਕਾਂ ਨੂੰ ਆਖਿਆ ਸੀ ਕਿ ਉਹ ਮਜੀਠਾ ਚੋਣ ਦੀ ਕਮਾਨ ਖੁਦ ਸਾਂਭ ਲੈਣ ਤਾਂ ਜੋ ਉਹ ਸਾਰਾ ਧਿਆਨ ਅੰਮ੍ਰਿਤਸਰ ਪੂਰਬੀ ਹਲਕੇ ਵੱਲ ਲਾ ਸਕਣ। ਉਨ੍ਹਾਂ ਵੱਲੋਂ ਆਖੀ ਇਸ ਗੱਲ ਤੋਂ ਬਾਅਦ ਇਹ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਕਿ ਮਜੀਠੀਆ ਵੱਲੋਂ ਮਜੀਠਾ ਛੱਡ ਕੇ ਸਿਰਫ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜੀ ਜਾ ਸਕਦੀ ਹੈ।
ਮਜੀਠੀਆ ਦੀ ਪਤਨੀ ਨੇ ਮਜੀਠਾ ਤੋਂ ਕਾਗਜ਼ ਭਰੇ
ਮਜੀਠਾ (ਰਾਜਨ ਮਾਨ): ਵਿਧਾਨ ਸਭਾ ਹਲਕਾ ਮਜੀਠਾ ਤੋਂ ਅੱਜ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਗੁਨੀਵ ਕੌਰ ਮਜੀਠੀਆ ਨੇ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਉਨ੍ਹਾਂ ਅੱਜ ਰਿਟਰਨਿੰਗ ਅਫਸਰ-ਕਮ-ਐੱਸਡੀਐੱਮ ਅਮਨਦੀਪ ਕੌਰ ਘੁੰਮਣ ਕੋਲ ਕਾਗਜ਼ ਦਾਖਲ ਕਰਵਾਏ।