ਪੱਤਰ ਪ੍ਰੇਰਕ
ਅਜਨਾਲਾ, 22 ਦਸੰਬਰ
ਇੱਥੋਂ ਦੇ ਸੰਗਮ ਪੈਲਸ ਵਿੱਚ ਆਮ ਆਦਮੀ ਪਾਰਟੀ ਵੱਲੋਂ ਹਲਕਾ ਅਜਨਾਲਾ ਦੇ ਇੰਚਾਰਜ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਭਰਵੀਂ ਰੈਲੀ ਕੀਤੀ ਗਈ। ਇਸ ਮੌਕੇ ਪਹੁੰਚੇ ‘ਆਪ’ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਰੈਲੀ ਨੂੰ ਸੰਬੋਧਨ ਕਰਨ ਮਗਰੋਂ ਬਿਕਰਮ ਮਜੀਠੀਆ ਖ਼ਿਲਾਫ਼ ਮੁਕੱਦਮੇ ਬਾਰੇ ਗੱਲ ਕਰਦਿਆਂ ਮਾਨ ਨੇ ਕਿਹਾ ਕਿ ਮਜੀਠੀਆ ਪਹਿਲਾਂ ਖੁਦ ਜਾਂਚ ਦੀ ਮੰਗ ਕਰਦੇ ਸਨ ਪਰ ਹੁਣ ਭੱਜਣ ਦੀ ਬਜਾਏ ਉਨ੍ਹਾਂ ਨੂੰ ਕੇਸ ਦਾ ਸਾਹਮਣਾ ਕਰਕੇ ਸੱਚ ਸਭ ਦੇ ਸਾਹਮਣੇ ਲਿਆਉਣਾ ਚਾਹੀਦਾ ਹੈ। ਸਰਕਾਰੀ ਨੌਕਰੀਆਂ ’ਤੇ ਸੇਵਾਮੁਕਤੀ ਦੀ ਉਮਰ ਵਾਂਗ ਸਿਆਸੀ ਨੇਤਾਵਾਂ ’ਤੇ ਉਮਰ ਹੱਦ ਲਾਗੂ ਕਰਨ ਦੀ ਮੰਗ ਕਰਦਿਆਂ ਉਨ੍ਹਾਂ ਨੌਜਵਾਨਾਂ ਨੂੰ ਮੌਕਾ ਦੇਣ ਦੀ ਗੱਲ ਵੀ ਕਹੀ। ਸ੍ਰੀ ਮਾਨ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਨੂੰ ਦੇਣਾ ਭਾਜਪਾ ਦਾ ਚੋਣ ਸਟੰਟ ਹੈ ਪਰ ਪ੍ਰਧਾਨ ਮੰਤਰੀ ਮੋਦੀ ’ਤੇ ਹੁਣ ਪੰਜਾਬੀ ਭਰੋਸਾ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪਾਰਟੀ ਨੇ 40 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਅਤੇ ਇੱਕ-ਦੋ ਦਿਨਾਂ ਵਿੱਚ 20 ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ।
ਹਲਕਾ ਅਜਨਾਲਾ ਤੋਂ ਟਿਕਟਾਂ ਦੇ ਦਾਅਵੇਦਾਰ ਰਹੇ ਗੈਰਹਾਜ਼ਰ
ਹਲਕੇ ਅੰਦਰ ਵੱਡੇ-ਵੱਡੇ ਹੋਰਡਿੰਗ ਲਗਾ ਕੇ ਆਪਣੇ-ਆਪ ਨੂੰ ਪਾਰਟੀ ਟਿਕਟ ਦਾ ਮਜ਼ਬੂਤ ਦਾਅਵੇਦਾਰ ਪੇਸ਼ ਕਰਨ ਵਾਲੇ ‘ਆਪ’ ਆਗੂ ਸੋਨੂੰ ਜਾਫਰ ਅਤੇ ਬ੍ਰਹਮ ਸਿੰਘ ਝੰਡੇਰ ਦੀ ਇਸ ਰੈਲੀ ਤੋਂ ਗੈਰਹਾਜ਼ਰੀ ਚਰਚਾ ਦਾ ਵਿਸ਼ਾ ਬਣੀ ਰਹੀ ਜਿਸ ’ਤੇ ਮਾਨ ਨੇ ਕਿਹਾ ਕਿ ਪਾਰਟੀ ਮਿਹਨਤੀ ਅਤੇ ਲੋਕਾਂ ਨਾਲ ਰਾਬਤਾ ਬਣਾਉਣ ਵਾਲੇ ਆਗੂ ਨੂੰ ਹੀ ਟਿਕਟ ਦੇਵੇਗੀ। ਇਸੇ ਦੌਰਾਨ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਆਗੂ ਅਮਰਜੀਤ ਸਿੰਘ ਕਲੇਰ ਅਤੇ ਜਰਨੈਲ ਸਿੰਘ ਨੇ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਚੋਣ ਮੈਨੀਫੈਸਟੋ ਵਿੱਚ ਸ਼ਾਮਲ ਕਰਵਾਉਣ ਲਈ ਭਗਵੰਤ ਮਾਨ ਨੂੰ ਇੱਕ ਮੰਗ ਪੱਤਰ ਸੌਂਪਿਆ।