ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 7 ਫਰਵਰੀ
ਹਲਕਾ ਪੂਰਬੀ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਵਿਚਾਲੇ ਚੱਲ ਰਹੀ ਚੋਣ ਜੰਗ ਵਿੱਚ ਅਕਾਲੀ ਉਮੀਦਵਾਰ ਵੱਲੋਂ ਵਿਰੋਧੀ ਖੇਮੇ ਨੂੰ ਲਗਾਤਾਰ ਸੰਨ੍ਹ ਲਾ ਕੇ ਆਪਣਾ ਪੱਲੜਾ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸੇ ਤਹਿਤ ਅੱਜ ਭਾਜਪਾ ਦੇ ਸਾਬਕਾ ਮੇਅਰ ਸੁਭਾਸ਼ ਸ਼ਰਮਾ, ਸਾਬਕਾ ਕੌਂਸਲਰ ਰਛਪਾਲ ਕੌਰ ਤੇ ਹੋਰ ਕਈ ਆਗੂ ਭਾਜਪਾ ਤੇ ਕਾਂਗਰਸ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਬਿਕਰਮ ਮਜੀਠੀਆ ਨੇ ਪਾਰਟੀ ਵਿੱਚ ਇਨ੍ਹਾਂ ਦਾ ਸਵਾਗਤ ਕੀਤਾ। ਇਸ ਦੌਰਾਨ ਅਕਾਲੀ ਆਗੂ ਨੇ ਦੋਸ਼ ਲਾਇਆ ਕਿ ਕਾਂਗਰਸ ਹਾਈਕਮਾਂਡ ਵੱਲੋਂ ‘ਮੀ ਟੂ’ ਦੇ ਦੋਸ਼ ਵਾਲੇ ਵਿਅਕਤੀ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਬਣਾਇਆ ਗਿਆ ਹੈ।
ਮਜੀਠੀਆ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਪਿਛਲੇ ਤਿੰਨ ਮਹੀਨੇ ਤੋਂ ਮੁੱਖ ਮੰਤਰੀ ਦੇ ਅਹੁਦੇ ’ਤੇ ਹਨ ਅਤੇ ਹੁਣ ਉਨ੍ਹਾਂ ਦੇ ਸਮੇਂ ਵਿੱਚ ਹੀ ਉਸ ਦੇ ਇੱਕ ਰਿਸ਼ਤੇਦਾਰ ਕੋਲੋਂ ਰੇਤ ਦੇ ਕਾਲੇ ਕਾਰੋਬਾਰ ਨਾਲ ਜੁੜੀ ਰਕਮ ਬਰਾਮਦ ਹੋਈ ਹੈ ਜਿਸ ਤੋਂ ਸਪੱਸ਼ਟ ਹੈ ਕਿ ਇਸ ਸਮੇਂ ਦੌਰਾਨ ਵੀ ਕੁਦਰਤੀ ਸਰੋਤਾਂ ਦੀ ਭਾਰੀ ਲੁੱਟ ਕੀਤੀ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਗ਼ੈਰਕਾਨੂੰਨੀ ਧੰਦੇ ਵਿੱਚ ਚਰਨਜੀਤ ਚੰਨੀ ਦੀ ਵੀ ਸ਼ਮੂਲੀਅਤ ਹੈ। ਉਨ੍ਹਾਂ ਕਿਹਾ ਕਿ ਉਸ ਖਿਲਾਫ ‘ਮੀ ਟੂ’ ਦੇ ਵੀ ਦੋਸ਼ ਲੱਗ ਚੁੱਕੇ ਹਨ।
ਰਾਹੁਲ ਨੇ ਸਹੀ ਅਰਥਾਂ ਵਿੱਚ ਸਿੱਧੂ ਨੁੰ ਪੱਪੂ ਬਣਾਇਆ: ਮਜੀਠੀਆ
ਮਜੀਠਾ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਐਲਾਨ ਕੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦਾ ਸਹੀ ਅਰਥਾਂ ਵਿਚ ਪੱਪੂ ਬਣਾਇਆ ਹੈ। ਅੱਜ ਆਪਣੀ ਪਤਨੀ ਤੇ ਮਜੀਠਾ ਹਲਕੇ ਤੋਂ ਅਕਾਲੀ ਦਲ-ਬਸਪਾ ਗੱਠਜੋੜ ਦੀ ਉਮੀਦਵਾਰ ਗਨੀਵ ਕੌਰ ਮਜੀਠੀਆ ਦੇ ਹੱਕ ਵਿੱਚ ਮੱਤੇਵਾਲ ਦੇ ਬਾਜ਼ਾਰ ਵਿੱਚ ਡੋਰ-ਟੂ-ਡੋਰ ਪ੍ਰਚਾਰ ਕਰਦਿਆਂ ਸ੍ਰੀ ਮਜੀਠੀਆ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨ ਕੇ ਉਸ ਦਾ ਪੱਪੂ ਬਣਾ ਦਿੱਤਾ ਹੈ।