ਮਹਿੰਦਰ ਸਿੰਘ ਰੱਤੀਆਂ
ਮੋਗਾ, 20 ਜੂਨ
ਐੱਮਐੱਸਪੀ ਤੋਂ ਘੱਟ ਭਾਅ ਮਿਲਣ ਕਾਰਨ ਮੱਕੀ ਕਾਸ਼ਤਕਾਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਮੱਕੀ ਦਾ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) 1850 ਰੁਪਏ ਤੈਅ ਕੀਤਾ ਗਿਆ ਹੈ ਪਰ ਤ੍ਰਾਸਦੀ ਇਹ ਹੈ ਕਿ ਆਵਾਰਾ ਪਸ਼ੂਆਂ ਕਾਰਨ ਜਾਗ ਕੇ ਰਾਤਾਂ ਕੱਟਣ ਅਤੇ ਗਰਮੀ ਵਿੱਚ ਧੁੱਪੇ ਬੈਠਣ ਦੇ ਬਾਵਜੂਦ ਕਿਸਾਨ 1000 ਤੋਂ 1400 ਰੁਪਏ ਪ੍ਰਤੀ ਕੁਇੰਟਲ ਮੱਕੀ ਵੇਚਣ ਲਈ ਮਜਬੂਰ ਹਨ।
ਸਥਾਨਕ ਅਨਾਜ ਮੰਡੀ ਵਿੱਚ ਝੰਡੇਵਾਲਾ ਦੇ ਗੁਰਾ ਸਿੰਘ ਨੇ ਦੱਸਿਆ ਕਿ ਉਹ ਸ਼ੁੱਕਰਵਾਰ ਮੱਕੀ ਲੈ ਕੇ ਆਇਆ ਸੀ ਪਰ ਵਪਾਰੀ ਨਮੀ ਬਹਾਨੇ ਨੱਕ-ਬੁੱਲ੍ਹ ਵੱਟ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਆਵਾਰਾ ਪਸ਼ੂਆਂ ਕਾਰਨ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਮੰਡੀ ਅਧਿਕਾਰੀ ਆਖ ਰਹੇ ਹਨ ਕਿ ਜਿਹੜੀ ਮੱਕੀ ਆ ਰਹੀ ਹੈ ਉਸ ਵਿਚ ਨਮੀ ਦੀ ਮਾਤਰਾ ਵੱਧ ਹੈ।
ਕਿਸਾਨਾਂ ਅਨੁਸਾਰ ਸੂਬਾ ਸਰਕਾਰ ਨੇ ਫਸਲੀ ਵਿਭਿੰਨਤਾ ਤਹਿਤ ਕਿਸਾਨਾਂ ਤੋਂ ਮੱਕੀ ਬਿਜਵਾਈ ਸੀ ਪਰ ਮੱਕੀ ਦਾ ਇਕ ਦਾਣਾ ਵੀ ਸਰਕਾਰੀ ਏਜੰਸੀਆਂ ਨੇ ਨਹੀਂ ਖਰੀਦਿਆ। ਇਨ੍ਹਾਂ ਫ਼ਸਲਾਂ ਦੀ ਸਰਕਾਰੀ ਖਰੀਦ ਨਾ ਹੋਣ ਕਾਰਨ ਉਹ ਰਵਾਇਤੀ ਫਸਲਾਂ ਕਣਕ ਤੇ ਝੋਨੇ ਨੂੰ ਹੀ ਪਹਿਲ ਦੇਣ ਲਈ ਮਜਬੂਰ ਹਨ ਕਿਉਂਕਿ ਇਹ ਫਸਲਾਂ ਤੈਅ ਮੁੱਲ ’ਤੇ ਵਿਕਦੀਆਂ ਹਨ। ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਰਾਹੀਂ ਇਨ੍ਹਾਂ ਦੋਹਾਂ ਫਸਲਾਂ ਨੂੰ ਵੀ ਵਪਾਰੀਆਂ ਹੱਥ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਦਾ ਕਿਸਾਨ ਵਿਰੋਧ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰੀਬ ਸਵਾ ਤਿੰਨ ਸਾਲ ਪਹਿਲਾਂ ਆਲੂ ਤੇ ਮੱਕੀ ਕਾਸ਼ਤਕਾਰਾਂ ਦੀ ਮਦਦ ਅਤੇ ਮਾਰਕੀਟਿੰਗ ਰਣਨੀਤੀ ਤਿਆਰ ਕਰਨ ਵਾਸਤੇ ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਚੇਅਰਮੈਨ, ਵਧੀਕ ਮੁੱਖ ਸਕੱਤਰ (ਸਹਿਕਾਰੀ) ਅਤੇ ਵਧੀਕ ਮੁੱਖ ਸਕੱਤਰ (ਵਿਕਾਸ) ’ਤੇ ਆਧਾਰਤ ਤਿੰਨ ਮੈਂਬਰੀ ਕਮੇਟੀ ਕਾਇਮ ਕੀਤੀ ਸੀ।
ਕਮੇਟੀ ਦਾ ਕੰਮ ਘੱਟ ਜੋਖ਼ਮ ’ਤੇ ਲਾਹੇਵੰਦ ਭਾਅ ਯਕੀਨੀ ਬਣਾਉਣ ਲਈ ਉਨ੍ਹਾਂ ਫ਼ਸਲਾਂ ਦੇ ਭਵਿੱਖੀ ਵਪਾਰ ਦੀਆਂ ਸੰਭਾਵਨਾਵਾਂ ਤਲਾਸ਼ਣਾ ਸੀ ਪਰ ਹੁਣ ਤੱਕ ਕਿਸਾਨ ਮੰਡੀਆਂ ਵਿੱਚ ਰੁਲ ਰਹੇ ਹਨ।