ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 19 ਫਰਵਰੀ
ਮਾਝੇ ਦੇ ਚਾਰ ਜ਼ਿਲ੍ਹਿਆਂ ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ ਅਤੇ ਪਠਾਨਕੋਟ ਦੇ 25 ਵਿਧਾਨ ਸਭਾ ਹਲਕਿਆਂ ਵਿੱਚ ਸੱਤਾਧਾਰੀ ਕਾਂਗਰਸ ਦੇ ਉਮੀਦਵਾਰਾਂ ਲਈ ਆਪਣੀ ਸਥਿਤੀ ਬਰਕਰਾਰ ਰੱਖਣਾ ਵੱਡੀ ਚੁਣੌਤੀ ਹੈ। ਵਧੇਰੇ ਹਲਕਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਕਾਰਨ ਤਿਕੋਣੇ ਤੇ ਕਈ ਹਲਕਿਆਂ ਵਿੱਚ ਚਹੁੰਕੋਣੇ ਮੁਕਾਬਲੇ ਵਾਲੀ ਸਥਿਤੀ ਬਣੀ ਹੋਈ ਹੈ।
2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਮਾਝੇ ਦੇ 25 ਹਲਕਿਆਂ ਵਿੱਚੋਂ 22 ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ ਸੀ। ਇਸ ਦੌਰਾਨ 2012 ਦੀ ਜੇਤੂ ਅਕਾਲੀ-ਭਾਜਪਾ ਗੱਠਜੋੜ ਨੂੰ ਸਿਰਫ ਤਿੰਨ ਹਲਕਿਆਂ ਵਿੱਚ ਹੀ ਜਿੱਤ ਪ੍ਰਾਪਤ ਹੋਈ ਸੀ ਅਤੇ ਆਮ ਆਦਮੀ ਪਾਰਟੀ ਮਾਝੇ ਵਿੱਚ ਖਾਤਾ ਵੀ ਨਹੀਂ ਖੋਲ੍ਹ ਸਕੀ ਸੀ।
ਕਾਂਗਰਸ ਦੀ ਇਹ ਵੱਡੀ ਜਿੱਤ ਵੱਡੇ ਵਾਅਦਿਆਂ ਨਾਲ ਪ੍ਰਾਪਤ ਹੋਈ ਸੀ, ਜਿਸ ਵਿੱਚ ਨਸ਼ਿਆਂ ਦਾ ਖਾਤਮਾ, ਬਰਗਾੜੀ ਬੇਅਦਬੀ ਕਾਂਡ ਵਿੱਚ ਮੁਲਜ਼ਮਾਂ ਖ਼ਿਲਾਫ਼ ਕਾਰਵਾਈ, ਘਰ-ਘਰ ਨੌਕਰੀ ਅਤੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੇ ਵਾਅਦੇ ਸ਼ਾਮਲ ਸਨ ਪਰ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਲੋਕਾਂ ਨਾਲ ਕੀਤੇ ਇਹ ਵਾਅਦੇ ਪੂਰੇ ਨਾ ਕਰਨ, ਪਾਰਟੀ ਦੀ ਅੰਦਰੂਨੀ ਖਿਚੋਤਾਣ ਤੇ ਫੁੱਟ ਅਤੇ ਵਿਕਾਸ ਦੇ ਨਾਂ ’ਤੇ ਕੁਝ ਵੀ ਠੋਸ ਨਾ ਕਰਨ ਕਾਰਨ ਨੁਕਸਾਨ ਝੱਲਣਾ ਪੈ ਸਕਦਾ ਹੈ। ਇਸ ਵੇਲੇ ਮਾਝੇ ਦੇ ਚਾਰੋਂ ਜ਼ਿਲ੍ਹਿਆਂ ਵਿੱਚ ਕਾਂਗਰਸੀ ਉਮੀਦਵਾਰਾਂ ਲਈ ਆਪਣੀ ਸਥਿਤੀ ਨੂੰ ਬਰਕਰਾਰ ਰੱਖਣਾ ਵੱਡੀ ਚੁਣੌਤੀ ਬਣੀ ਹੋਈ ਹੈ। ਇੱਥੇ ਕਾਂਗਰਸ ਦੇ ਕਈ ਅਹਿਮ ਉਮੀਦਵਾਰਾਂ ਦਾ ਭਵਿੱਖ ਦਾਅ ’ਤੇ ਲੱਗਾ ਹੋਇਆ ਹੈ, ਜਿਨ੍ਹਾਂ ਵਿੱਚ ਅੰਮ੍ਰਿਤਸਰ ਪੂਰਬੀ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਜੰਡਿਆਲਾ ਤੋਂ ਕਾਰਜਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਅੰਮ੍ਰਿਤਸਰ ਕੇਂਦਰੀ ਤੋਂ ਉਪ ਮੁੱਖ ਮੰਤਰੀ ਓਪੀ ਸੋਨੀ, ਰਾਜਾਸਾਂਸੀ ਤੋਂ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ, ਅੰਮ੍ਰਿਤਸਰ ਪੱਛਮੀ ਤੋਂ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ, ਇਸੇ ਤਰ੍ਹਾਂ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਤੋਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਫਤਹਿਗੜ੍ਹ ਚੂੜੀਆਂ ਤੋਂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਦੀਨਾਨਗਰ ਤੋਂ ਕਾਂਗਰਸ ਦੀ ਸੀਨੀਅਰ ਆਗੂ ਅਰੁਣਾ ਚੌਧਰੀ ਅਤੇ ਕਾਦੀਆਂ ਤੋਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਸ਼ਾਮਲ ਹਨ।
ਅੰਮ੍ਰਿਤਸਰ ਦਾ ਪੂਰਬੀ ਹਲਕਾ ਇਸ ਵੇਲੇ ‘ਹੌਟ ਸੀਟ’ ਬਣਿਆ ਹੋਇਆ ਹੈ, ਜਿਸ ’ਤੇ ਸਮੁੱਚੇ ਪੰਜਾਬ ਦੀ ਨਿਗ੍ਹਾ ਹੈ। ਇਥੋਂ ਕਾਂਗਰਸ ਦੇ ਨਵਜੋਤ ਸਿੰਘ ਸਿੱਧੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਵਿਚਾਲੇ ਫਸਵਾਂ ਮੁਕਾਬਲਾ ਹੈ। ਦੋਵੇਂ ਹੀ ਸਿਆਸੀ ਆਗੂ ਹੁਣ ਤੱਕ ਲਗਾਤਾਰ ਚੋਣ ਜਿੱਤਦੇ ਰਹੇ ਹਨ ਪਰ ਇਸ ਵਾਰ ਦੋਵਾਂ ਵਿੱਚੋਂ ਕਿਸੇ ਇੱਕ ਦੀ ਹਾਰ ਤੈਅ ਹੈ। ਦੋਵਾਂ ਵੱਲੋਂ ਹੀ ਜਿੱਤ ਲਈ ਸਿਰ ਧੜ ਦੀ ਬਾਜ਼ੀ ਲਾਈ ਗਈ ਹੈ।
ਇਸੇ ਤਰ੍ਹਾਂ ਅੰਮ੍ਰਿਤਸਰ ਉੱਤਰੀ ਵਿਧਾਨ ਸਭਾ ਹਲਕਾ ਵੀ ਖਿੱਚ ਦਾ ਕੇਂਦਰ ਹੈ, ਜਿੱਥੋਂ ਬਰਗਾੜੀ ਬੇਅਦਬੀ ਕਾਂਡ ਦੀ ਜਾਂਚ ਦੌਰਾਨ ਨੌਕਰੀ ਤੋਂ ਅਸਤੀਫ਼ਾ ਦੇਣ ਵਾਲੇ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਚੋਣ ਲੜ ਰਹੇ ਹਨ। ਉਨ੍ਹਾਂ ਦੇ ਮੁਕਾਬਲੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਦੋ ਵਾਰ ਦੇ ਜੇਤੂ ਅਨਿਲ ਜੋਸ਼ੀ ਮੈਦਾਨ ਵਿੱਚ ਹਨ। ਇਥੇ ਕਾਂਗਰਸ ਦੇ ਮੌਜੂਦਾ ਵਿਧਾਇਕ ਸੁਨੀਲ ਦੱਤੀ ਅਤੇ ਭਾਜਪਾ ਦੇ ਸੁਖਮਿੰਦਰ ਸਿੰਘ ਪਿੰਟੂ ਮੈਦਾਨ ਵਿੱਚ ਹਨ। ਇਸ ਹਲਕੇ ਵਿੱਚ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਵੱਕਾਰ ਦਾਅ ’ਤੇ ਲੱਗਿਆ ਹੋਇਆ ਹੈ। ਇਸੇ ਤਰ੍ਹਾਂ ਬਾਕੀ ਹਲਕਿਆਂ ਵਿੱਚ ਵੀ ਫਸਵੇਂ ਮੁਕਾਬਲੇ ਹਨ। ਜ਼ਿਲ੍ਹੇ ਦੇ ਦਿਹਾਤੀ ਹਲਕਿਆਂ ਵਿੱਚ ਇਸ ਵਾਰ ਬਦਲਾਅ ਦੇ ਨਾਂ ਉੱਤੇ ‘ਆਪ’ ਦੀ ਵਧੇਰੇ ਚਰਚਾ ਹੈ। ਅਜਨਾਲਾ, ਰਾਜਾਸਾਂਸੀ, ਅਟਾਰੀ, ਬਾਬਾ ਬਕਾਲਾ, ਜੰਡਿਆਲਾ ਅਤੇ ਸ਼ਹਿਰ ਦੇ ਦੱਖਣੀ ਤੇ ਪੱਛਮੀ ਵਿਧਾਨ ਸਭਾ ਹਲਕੇ ਵਿੱਚ ‘ਆਪ’ ਉਮੀਦਵਾਰ ਸਖਤ ਟੱਕਰ ਦਿੰਦੇ ਦਿਖਾਈ ਦੇ ਰਹੇ ਹਨ।
ਤਰਨ ਤਾਰਨ ਜ਼ਿਲ੍ਹੇ ਦੀਆਂ ਚਾਰ ਸੀਟਾਂ ’ਤੇ ਵੀ ਕਾਂਗਰਸ ਉਮੀਦਵਾਰਾਂ ਨੂੰ ਸਖਤ ਚੁਣੌਤੀ ਮਿਲ ਰਹੀ ਹੈ। ਇਥੇ ਸ਼੍ਰ੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਸਖਤ ਮੁਕਾਬਲਾ ਦਿੱਤਾ ਗਿਆ ਹੈ। ਕਿਸਾਨ ਮੋਰਚੇ ਦਾ ਇਸ ਇਲਾਕੇ ਵਿੱਚ ਵੱਡਾ ਪ੍ਰਭਾਵ ਰਿਹਾ ਹੈ। ਕਿਸਾਨ ਮੋਰਚੇ ਵਿੱਚ ਸ਼ਾਮਲ ਕਈ ਧਿਰਾਂ ਵੱਲੋਂ ਬਦਲਾਅ ਦੇ ਨਾਂ ’ਤੇ ਵੋਟਾਂ ਰਵਾਇਤੀ ਪਾਰਟੀਆਂ ਤੋਂ ਹਟ ਕੇ ਪਾਈਆਂ ਜਾ ਸਕਦੀਆਂ ਹਨ। ਪੱਟੀ ਅਤੇ ਖੇਮਕਰਨ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ‘ਆਪ’ ਕਾਂਗਰਸ ਨੂੰ ਸਖਤ ਟੱਕਰ ਦਿੰਦੀ ਦਿਖਾਈ ਦੇ ਰਹੀ ਹੈ। ਤਰਨ ਤਾਰਨ ਅਤੇ ਖਡੂਰ ਸਾਹਿਬ ਵਿੱਚ ਵੀ ਸਖਤ ਮੁਕਾਬਲਾ ਹੈ।
ਗੁਰਦਾਸਪੁਰ ਜ਼ਿਲ੍ਹੇ ਦੇ ਸੱਤ ਹਲਕਿਆਂ ਵਿੱਚ ਵੀ ਮੁਕਾਬਲੇ ਵਾਲੀ ਸਥਿਤੀ ਹੈ। ਇੱਥੇ ਦੀਨਾਨਗਰ ਹਲਕੇ ਵਿੱਚ ਕਾਂਗਰਸੀ ਉਮੀਦਵਾਰ ਬਿਹਤਰ ਸਥਿਤੀ ਵਿੱਚ ਦੱਸੇੇ ਜਾ ਰਹੇ ਹਨ, ਜਦੋਂ ਕਿ ਕਾਦੀਆਂ, ਬਟਾਲਾ, ਫਤਹਿਗੜ੍ਹ ਚੂੜੀਆਂ, ਹਰਗੋਬਿੰਦਪੁਰ ਤੇ ਡੇਰਾ ਬਾਬਾ ਨਾਨਕ ਵਿੱਚ ਹਾਕਮ ਧਿਰ ਦੇ ਉਮੀਦਵਾਰਾਂ ਦੀ ਚੁਣੌਤੀ ਵਾਲੀ ਸਥਿਤੀ ਹੈ। ਇਥੇ ਵੀ ‘ਆਪ’ ਅਤੇ ਸ਼੍ਰੋਮਣੀ ਅਕਾਲੀ ਦਲ ਹਾਕਮ ਧਿਰ ਨੂੰ ਸਖਤ ਟੱਕਰ ਦੇ ਰਿਹਾ ਹੈ। ਪਠਾਨਕੋਟ ਦੇ ਤਿੰਨ ਹਲਕਿਆਂ ਸੁਜਾਨਪੁਰ, ਭੋਆ ਅਤੇ ਪਠਾਨਕੋਟ ਵਿੱਚ ਵੀ ਕਾਂਗਰਸੀ ਉਮੀਦਵਾਰਾਂ ਲਈ ਸਖਤ ਟੱਕਰ ਵਾਲੀ ਸਥਿਤੀ ਹੈ। 2017 ਵਿੱਚ ਦੋ ਹਲਕਿਆਂ ਤੋਂ ਕਾਂਗਰਸ ਅਤੇ ਇੱਕ ਹਲਕੇ ਤੋਂ ਭਾਜਪਾ ਜੇਤੂ ਰਹੀ ਸੀ।