ਪੱਤਰ ਪ੍ਰੇਰਕ
ਅਜੀਤਵਾਲ, 14 ਅਗਸਤ
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਇਥੇ ਕਿਹਾ ਕਿ ਸੂਬੇ ਵਿੱਚ ‘ਆਪ’ ਨੂੰ ਜਦੋਂ ਸੱਤਾ ਮਿਲੀ ਸੀ ਤਾਂ ਪੰਜਾਬ ਦੀ ਹਾਲਤ ਬਹੁਤ ਮਾੜੀ ਸੀ ਤੇ ਕੰਗਾਲ ਹੋਏ ਸੂਬੇ ਨੂੰ ਮੁੜ-ਪੈਰਾਂ ਸਿਰ ਕਰਨ ਲਈ ਹਾਲੇ ਸਮਾਂ ਲੱਗੇਗਾ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦਾ ਸੂਬੇ ਨੂੰ ‘ਜਿਊਂਦਾ ਜਾਗਦਾ ਪੰਜਾਬ’ ਬਣਾਉਣ ਦਾ ਟੀਚਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਜੰਗਲਾਤ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਹਰਿਆ ਭਰਿਆ ਕਰਨ ਲਈ ਸੂਬੇ ਵਿੱਚ 1.20 ਕਰੋੜ ਬੂਟੇ ਲਗਾਏ ਜਾ ਰਹੇ ਹਨ। ਨੀਲੇ ਕਾਰਡ ਬਣਾਉਣ ਮੌਕੇ ਹੋਈਆਂ ਗੜਬੜੀਆਂ ਸਬੰਧੀ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਅਯੋਗ ਲੋਕਾਂ ਦੇ ਵੀ ਨੀਲੇ ਕਾਰਡ ਬਣਾਏ ਗਏ ਸਨ, ਜਿਨ੍ਹਾਂ ਦੀ ਵਿਭਾਗ ਵੱਲੋਂ ਪੜਤਾਲ ਕੀਤੀ ਜਾਵੇਗੀ।