ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਅਗਸਤ
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅਧਿਕਾਰੀਆਂ ਨਾਲ ਮਿਲ ਕੇ ਟੈਕਸ ਨਾਕਿਆਂ ਤੋਂ ਚੋਰੀ ਗੱਡੀਆਂ ਲੰਘਾਉਣ ਵਾਲੇ ਮੁੱਖ ਏਜੰਟ (ਪਾਸਰ) ਰਾਜਿੰਦਰ ਸਿੰਘ ਸੋਢੀ ਉਰਫ ਲਵਲੀ ਨੂੰ ਅੱਜ ਅੰਬਾਲਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮ ਦਾ ਛੇ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲੀਸ ਨੇ ਉਸ ਦੇ ਘਰ ਛਾਪਾ ਮਾਰ ਕੇ 21.65 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ। ਉਕਤ ਮੁਲਜ਼ਮ ਆਬਕਾਰੀ ਤੇ ਕਰ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਜੀਐੱਸਟੀ ਦੀ ਚੋਰੀ ਰਾਹੀਂ ਸਰਕਾਰੀ ਖ਼ਜ਼ਾਨੇ ਨੂੰ ਵੱਡਾ ਨੁਕਸਾਨ ਪਹੁੰਚਾਉਣ ਦੇ ਮਾਮਲੇ ਵਿੱਚ ਲੋੜੀਂਦਾ ਸੀ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਨਾਕਿਆਂ ਤੋਂ ਚੋਰੀ ਗੱਡੀਆਂ ਲੰਘਾਉਣ ਵਾਲੇ ਏਜੰਟਾਂ ਨੂੰ ਜੀਐੱਸਟੀ ਟੈਕਸ ਤੋਂ ਬਚਣ ਦੇ ਰਾਹ ਦੱਸਣ, ਕੱਚਾ ਤੇ ਤਿਆਰ ਮਾਲ ਲੈ ਕੇ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਦੌਰਾਨ ਜੁਰਮਾਨੇ ਦੀ ਘੱਟ ਰਕਮ ਵਸੂਲ ਕੇ ਖ਼ਜ਼ਾਨੇ ਨੂੰ ਢਾਹ ਲਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਸੀ।