ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 2 ਜਨਵਰੀ
ਕਰੋਨਾ ਅਤੇ ਹੋਰ ਕਾਰਨਾਂ ਕਰਕੇ ਬੰਦ ਹੋਈ ਰੇਲ ਸੇਵਾ ਕਾਰਨ ਪ੍ਰਭਾਵਿਤ ਹੋ ਰਹੀ ਡਾਕ ਸੇਵਾ ਨੂੰ ਲੀਹ ’ਤੇ ਲਿਆਉਣ ਲਈ ਡਾਕ ਵਿਭਾਗ ਵਲੋਂ ਮੇਲ ਮੋਟਰ ਸੇਵਾ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਅੰਮ੍ਰਿਤਸਰ ਤੋਂ ਜਲੰਧਰ, ਲੁਧਿਆਣਾ ਅਤੇ ਚੰਡੀਗੜ੍ਹ ਵਾਸਤੇ ਡਾਕ ਅਤੇ ਹੋਰ ਸਾਮਾਨ ਭੇਜਿਆ ਜਾਵੇਗਾ ਜੋ ਇਕ ਦਿਨ ਬਾਅਦ ਲੋਕਾਂ ਕੋਲ ਪੁੱਜੇਗਾ।
ਡਾਕ ਵਿਭਾਗ ਵਲੋਂ ਇਹ ਰੋਡ ਟਰਾਂਸਪੋਰਟ ਨੈੱਟਵਰਕ ਮੇਲ ਮੋਟਰ ਸੇਵਾ ਅੱਜ ਸ਼ੁਰੂ ਕੀਤੀ ਗਈ ਹੈ ਜਿਸ ਨੂੰ ਵਿਭਾਗ ਦੀ ਪੋਸਟ ਮਾਸਟਰ ਜਨਰਲ ਮਨੀਸ਼ਾ ਬਾਂਸਲ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਉਨ੍ਹਾਂ ਦੱਸਿਆ ਕਿ ਇਸ ਨਵੀਂ ਸੇਵਾ ਨਾਲ ਚਾਰ ਸ਼ਹਿਰਾਂ ਨੂੰ ਜੋੜਿਆ ਗਿਆ ਹੈ ਜਿਨ੍ਹਾਂ ਵਿਚ ਅੰਮ੍ਰਿਤਸਰ , ਜਲੰਧਰ, ਲੁਧਿਆਣਾ ਅਤੇ ਚੰਡੀਗੜ੍ਹ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਵਿਚ ਅੱਜ ਬੁੱਕ ਕੀਤੀ ਡਾਕ ਅਤੇ ਹੋਰ ਸਾਮਾਨ ਅਗਲੇ ਦਿਨ ਸਬੰਧਤ ਵਿਅਕਤੀ ਕੋਲ ਪੁੱਜਦਾ ਕਰ ਦਿੱਤਾ ਜਾਵੇਗਾ। ਇਸ ਨਾਲ ਲੋਕਾਂ ਨੂੰ ਆਪਣੀ ਜ਼ਰੂਰੀ ਡਾਕ ਅਤੇ ਹੋਰ ਸਾਮਾਨ ਇਕ ਤੋਂ ਦੂਜੇ ਸ਼ਹਿਰ ਵਿਚ ਭੇਜਣਾ ਸੌਖਾ ਹੋ ਜਾਵੇਗਾ। ਇਸ ਤੋਂ ਬਾਅਦ ਇਹ ਸੇਵਾ ਅੰਮ੍ਰਿਤਸਰ, ਪਠਾਨਕੋਟ, ਬਟਾਲਾ, ਧਾਰੀਵਾਲ, ਗੁਰਦਾਸਪੁਰ ਆਦਿ ਲਈ ਚਾਰ ਜਨਵਰੀ ਨੂੰ ਸ਼ੁਰੂ ਕੀਤੀ ਜਾਵੇਗੀ।
ਇਸ ਮੌਕੇ ਸੀਨੀਅਰ ਸੁਪਰਡੈਂਟ ਆਫ ਪੋਸਟ ਪ੍ਰਕਾਸ਼ ਸਿੰਘ, ਕੁਲਵੰਤ ਸਿੰਘ, ਵਿਕਾਸ ਸ਼ਰਮਾ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਅਧਿਕਾਰੀਆਂ ਨੇ ਆਖਿਆ ਕਿ ਇਸ ਵੇਲੇ ਰੇਲ ਸੇਵਾ ਬੰਦ ਹੋਣ ਕਾਰਨ ਡਾਕ ਵਿਭਾਗ ਦੀਆਂ ਗਤੀਵਿਧੀਆਂ ਪ੍ਰਭਾਵਿਤ ਹੋ ਰਹੀਆਂ ਸਨ ਪਰ ਰੋਡ ਟਰਾਂਸਪੋਰਟ ਨੈਟਵਰਕ ਰਾਹੀਂ ਇਨ੍ਹਾਂ ਨੂੰ ਮੁੜ ਤੋਂ ਸੁਰਜੀਤ ਕਰ ਦਿੱਤਾ ਗਿਆ ਹੈ।