ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 2 ਜਨਵਰੀ
ਮਹਿਲਾ ਕਾਂਗਰਸ ਨੇ ਰੋਸ ਪ੍ਰਦਰਸ਼ਨ ਕਰ ਕਿਸਾਨ ਅੰਦੋਲਨ ’ਤੇ ਕੇਂਦਰ ਸਰਕਾਰ ਦੀ ਚੁੱਪੀ ਤੇ ਲੋਕ ਸਭਾ ਮੈਂਬਰ ਰਵਨੀਤ ਬਿੱਟੂ ’ਤੇ ਦਿੱਲੀ ਪੁਲੀਸ ਦੇ ਵੱਲੋਂ ਦਰਜ ਕੀਤੀ ਗਈ ਐਫ਼ਆਈਆਰ ਦੇ ਵਿਰੋਧ ’ਚ ਭਾਜਪਾ ਦੇ ਕੇਂਦਰੀ, ਪੰਜਾਬ ਤੇ ਲੁਧਿਆਣਾ ਦੇ ਅਹੁਦੇਦਾਰਾਂ ਨੂੰ ਕੋਰੀਅਰ ਰਾਹੀਂ ਚੂੜੀਆਂ ਭੇਜੀਆਂ। ਮਹਿਲਾ ਕਾਂਗਰਸ ਦੀ ਪ੍ਰਧਾਨ ਲੀਨਾ ਟਪਾਰਿਆ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਔਰਤਾਂ ਨੇ ਪ੍ਰਦਰਸ਼ਨ ਕੀਤਾ। ਮਹਿਲਾ ਕਾਂਗਰਸ ਆਗੂਆਂ ਨੇ ਕਿਹਾ ਕਿ ਜੇਕਰ ਭਾਜਪਾ ਸਰਕਾਰ ਕਿਸਾਨਾਂ ਦੇ ਮਨ ਦੀ ਬਾਤ ਨਹੀਂ ਸੁਣ ਸਕਦੀ ਤਾਂ ਚੂੜੀਆਂ ਪਾ ਕੇ ਘਰ ਬੈਠ ਜਾਵੇ। ਲੀਨਾ ਟਪਾਰੀਆ ਨੇ ਦੱਸਿਆ ਕਿ ਮਹਿਲਾ ਕਾਂਗਰਸ ਨੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ, ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਲੁਧਿਆਣਾ ਭਾਜਪਾ ਪ੍ਰਧਾਨ ਪੁਸ਼ਪਿੰਦਰ ਸਿੰਗਲ ਨੂੰ ਕੋਰੀਅਰ ਰਾਹੀਂ ਚੂੜੀਆਂ ਭੇਜੀਆਂ ਹਨ। ਉਨ੍ਹਾਂ ਕਿਹਾ ਕਿ ਕਰੀਬ ਸਵਾ ਮਹੀਨੇ ਤੋਂ ਦਿੱਲੀ ਦੀਆਂ ਹੱਦਾਂ ’ਤੇ ਕਿਸਾਨ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ ਪਰ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਉਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਲੀਨਾ ਟਪਾਰੀਆ ਨੇ ਆਖਿਆ ਕਿ ਜਿਹੜੀ ਸਰਕਾਰ ਲੋਕੰਤਤਰ ਦਾ ਘਾਣ ਕਰਦੇ ਹੋਏ ਲੋਕਾਂ ਦੀ ਹੀ ਆਵਾਜ਼ ਨੂੰ ਅਣਗੌਲਿਆ ਕਰ ਰਹੀ ਹੋਵੇ, ਅਜਿਹੀ ਸਰਕਾਰ ਨੂੰ ਸੱਤਾ ’ਚ ਰਹਿਣ ਦਾ ਕੋਈ ਹੱਕ ਨਹੀਂ ਹੈ, ਇਸ ਲਈ ਉਹ ਚੂੜੀਆ ਪਾ ਕੇ ਘਰ ਬੈਠ ਜਾਵੇ। ਕਿਸਾਨ ਹਿੱਤਾਂ ਦੀ ਗੱਲ ਕਰਨ ’ਤੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ’ਤੇ ਦਿੱਲੀ ’ਚ ਐੱਫਆਈਆਰ ਦਰਜ ਕਰਨ ਸਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਆਪਣੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਲੋਕਾਂ ਦੇ ਨੁਮਾਇੰਦਿਆਂ ਦੀ ਆਵਾਜ਼ ਨੂੰ ਤਾਕਤ ਦੀ ਦੁਰਵਰਤੋਂ ਕਰਕੇ ਦਬਾਉਣਾ ਚਾਹੁੰਦੀ ਹੈ।