ਪੱਤਰ ਪ੍ਰੇਰਕ
ਮਹਿਲ ਕਲਾਂ, 22 ਜਨਵਰੀ
ਪਿਛਲੇ ਸਾਲ ਦੁਬਈ ਗਏ ਮਹਿਲ ਕਲਾਂ ਦੇ ਨੌਜਵਾਨ ਦੀ ਉੱਥੇ ਭੇਤ-ਭਰੀ ਹਾਲਤ ਵਿੱਚ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਬਿਧੀ ਸਿੰਘ (36) ਰੁਜ਼ਗਾਰ ਦੀ ਭਾਲ ’ਚ ਅਕਤੂਬਰ 2021 ਵਿੱਚ ਦੁਬਈ ਗਿਆ ਸੀ, ਪਰ ਉੱਥੇ ਉਸ ਦਾ ਮਨ ਨਹੀਂ ਲੱਗਿਆ, ਜਿਸ ਕਾਰਨ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਚੱਲ ਰਿਹਾ ਸੀ। ਜਿਸ ਕੰਪਨੀ ਨੇ ਬਿਧੀ ਸਿੰਘ ਨੂੰ ਕੰਮ ਦਿੱਤਾ ਸੀ, ਉਸ ਨੇ ਵਾਪਸ ਆਉਣ ਦੀ ਇਜਾਜ਼ਤ ਨਹੀਂ ਦਿੱਤੀ। ਇਸੇ ਦਰਮਿਆਨ ਬੀਤੇ ਦਿਨੀਂ ਉਸ ਦੀ ਭੇਤ-ਭਰੀ ਹਾਲਤ ਵਿੱਚ ਮੌਤ ਹੋ ਗਈ। ਮ੍ਰਿਤਕ ਤਿੰਨ ਛੋਟੇ-ਛੋਟੇ ਬੱਚਿਆਂ ਦਾ ਪਿਤਾ ਸੀ ਤੇ ਪਰਿਵਾਰ ਦੀ ਆਰਥਿਕ ਹਾਲਤ ਵੀ ਮਾੜੀ ਹੈ। ਪੀੜਤ ਪਰਿਵਾਰ ਨੇ ਮੰਗ ਕੀਤੀ ਹੈ ਕਿ ਉਸ ਦੀ ਲਾਸ਼ ਭਾਰਤ ਲਿਆਂਦੀ ਜਾਵੇ।
ਇਸ ਸਬੰਧੀ ਹੋਪ ਫ਼ਾਰ ਮਹਿਲ ਕਲਾਂ ਦੇ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਦੀ ਮਦਦ ਨਾਲ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।