ਨਵਕਿਰਨ ਸਿੰਘ
ਮਹਿਲ ਕਲਾਂ, 14 ਜੁਲਾਈ
ਨੇੜਲੇ ਪਿੰਡ ਕੁਰੜ ਵਿਖੇ ਜ਼ਮੀਨੀ ਵਿਵਾਦ ’ਚ ਇਨਸਾਫ ਨਾ ਮਿਲਣ ਤੋਂ ਅੱਕਿਆ ਦਲਿਤ ਬਜ਼ੁਰਗ ਜੋੜਾ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਿਆ। ਅਮਰ ਸਿੰਘ ਪੁੱਤਰ ਮੰਗਤ ਸਿੰਘ ਵਾਸੀ ਕੁਰੜ ਨਜ਼ੂਲ ਸੁਸਾਇਟੀ ਦੀ ਅੱਧਾ ਏਕੜ ਜ਼ਮੀਨ ’ਤੇ ਕਈ ਸਾਲਾਂ ਤੋਂ ਖੇਤੀ ਕਰਦਾ ਆ ਰਿਹਾ ਹੈ ਪਰ ਪਿਛਲੇ ਕੁੱਝ ਸਮੇਂ ਤੋਂ ਦਲਿਤ ਭਾਈਚਾਰੇ ਨਾਲ ਹੀ ਸਬੰਧਤ ਪਰਿਵਾਰ ਇਸ ਜ਼ਮੀਨ ’ਤੇ ਦਾਅਵਾ ਜਤਾਉਂਦਿਆਂ ਕਥਿਤ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਕੱਲ੍ਹ ਕਬਜ਼ਾ ਕਰਕੇ ਝੋਨਾ ਲਗਾ ਦਿੱਤਾ ਗਿਆ। ਅਮਰ ਸਿੰਘ ਕੱਲ੍ਹ ਤੋਂ ਪੁਲੀਸ ਕੋਲ ਇਨਸਾਫ ਲਈ ਬੇਨਤੀ ਕਰ ਰਿਹਾ ਸੀ ਪਰ ਮਾਮਲਾ ਹੱਲ ਨਾ ਹੁੰਦਾ ਵੇਖ ਅਮਰ ਸਿੰਘ ਅਤੇ ਉਸ ਦੀ ਪਤਨੀ ਮਲਕੀਤ ਕੌਰ ਪਿੰਡ ‘ਚ ਬਣੀ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਗਏ ਤੇ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਛਾਲ਼ ਮਾਰਕੇ ਆਪਣੀ ਜਾਨ ਦੇ ਦੇਣਗੇ। ਇਸ ’ਤੇ ਪੁਲੀਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਐੱਸਐੱਚਓ ਬਲਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਪਹੁੰਚੀ ਪੁਲੀਸ ਨੇ ਬਜ਼ੁਰਗ ਜੋੜੇ ਨੂੰ ਹੇਠਾਂ ਉਤਾਰਨ ਲਈ ਯਤਨ ਆਰੰਭੇ। ਟੈਂਕੀ ’ਤੇ ਚੜ੍ਹੇ ਪਤੀ-ਪਤਨੀ ਨੇ ਕਿਹਾ ਕਿ ਪੁਲੀਸ ਨੂੰ ਦਰਖਾਸਤਾਂ ਦੇ ਕੇ ਕਈ ਵਾਰ ਇਨਸਾਫ ਦੀ ਮੰਗ ਕੀਤੀ ਪਰ ਕਿਸੇ ਵੀ ਅਧਿਕਾਰੀ ਨੇ ਇਨਸਾਫ ਨਹੀਂ ਦਿੱਤਾ। ਪ੍ਰਸ਼ਾਸਨ ਵੱਲੋਂ ਮੋਹਤਵਰਾਂ ਦੀ ਹਾਜ਼ਰੀ ’ਚ ਜੋੜੇ ਨੂੰ ਇਹ ਵਿਸ਼ਵਾਸ਼ ਦਿਵਾ ਕੇ ਟੈਂਕੀ ਤੋਂ ਉਤਾਰਿਆ ਗਿਆ ਕਿ ਝੋਨਾ ਲਾਉਣ ਵਾਲਿਆਂ ਖ਼ਿਲਾਫ਼ ਲਿਖਤੀ ਦਰਖਾਸਤ ਦਿਉ। ਇਸ ਤੋਂ ਬਾਅਦ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ। ਬਜ਼ੁਰਗ ਜੋੜਾ ਟੈਂਕੀ ਤੋਂ ਹੇਠਾ ਉੱਤਰਿਆ ਅਤੇ ਝੋਨਾ ਵਾਹ ਦਿੱਤਾ। ਥਾਣਾ ਠੁੱਲੀਵਲ ਦੇ ਮੁਖੀ ਬਲਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਨਜ਼ੂਲ ਸੁਸਾਇਟੀ ਦੀ ਜ਼ਮੀਨ ’ਤੇ ਜਬਰੀ ਕਬਜ਼ਾ ਕਰਨ ਵਾਲੇ ਵਿਅਕਤੀ ਨੂੰ ਟਰੈਕਟਰ ਸਮੇਤ ਥਾਣੇ ਲਿਆਂਦਾ ਗਿਆ ਹੈ ਤੇ ਅਮਰ ਸਿੰਘ ਵੱਲੋਂ ਬਿਆਨ ਦਰਜ ਕਰਵਾਉਣ ਬਾਅਦ ਕੇਸ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।