ਸਰਬਜੀਤ ਸਿੰਘ ਭੰਗੂ/ਰਵੇਲ ਸਿੰਘ ਭਿੰਡਰ
ਪਟਿਆਲਾ, 29 ਜੁਲਾਈ
ਮੁੱਖ ਅੰਸ਼
- 9 ਤੋਂ 15 ਅਗਸਤ ਤੱਕ ਹੜਤਾਲ ਦੌਰਾਨ ਚੱਕਾ ਜਾਮ ਕਰਨ ਦਾ ਐਲਾਨ
ਸਾਂਝੀਆਂ ਮੁਲਾਜ਼ਮ ਮੰਗਾਂ ਦੀ ਪੂਰਤੀ ਲਈ ‘ਪੰਜਾਬ ਤੇ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ’ ਦੀ ਅਗਵਾਈ ਹੇਠਾਂ ਅੱਜ ਇਥੇ ਹੋਈ ਸੂਬਾਈ ਮਹਾਰੈਲੀ ਕਈ ਪੱਖਾਂ ਤੋਂ ਇਤਿਹਾਸਕ ਹੋ ਨਿੱਬੜੀ। ਨਾ ਸਿਰਫ਼ ਕੈਪਟਨ ਸਰਕਾਰ ਦੇ ਇਸ ਕਾਰਜਕਾਲ, ਬਲਕਿ ਮੁਲਾਜ਼ਮਾਂ ਦੇ ਸ਼ਹਿਰ ਵਜੋਂ ਜਾਣੇ ਜਾਂਦੇ ਪਟਿਆਲਾ ਵਿੱਚ ਪਹਿਲਾਂ ਵੀ ਕਦੇ ਇਸ ਕਦਰ ਮੁਲਾਜ਼ਮਾਂ ਦਾ ਵੱਡਾ ਇਕੱਠ ਹੋਇਆ ਨਜ਼ਰ ਨਹੀਂ ਆਇਆ।
ਚੋਣਾਂ ਨੇੜੇ ਆਉਂਦੀਆਂ ਵੇਖ ਇੱਕਜੁਟਤਾ ਸਮੇਤ ਆਪਣੇ ਸੰਘਰਸ਼ ਨੂੰ ਤੇਜ਼ ਕਰਦਿਆਂ, ਮੁਲਾਜ਼ਮਾਂ ਨੇ ਮੰਗਾਂ ਦੀ ਪੂਰਤੀ ਤੇ ਹੋਰ ਮਸਲਿਆਂ ਦੇ ਨਿਪਟਾਰੇ ਲਈ ਸਰਕਾਰ ਨੂੰ ਇੱਕ ਹਫਤੇ ਦਾ ਅਲਟੀਮੇਟਮ ਦਿੰਦਿਆਂ, ਐਲਾਨ ਕੀਤਾ ਹੈ ਕਿ ਜੇਕਰ ਹੁਣ ਵੀ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਸੰਜੀਦਗੀ ਨਾ ਵਰਤੀ ਤਾਂ ਪੰਜਾਬ ਦੇ ਸਮੂਹ ਵਿਭਾਗਾਂ ਦੇ ਸਾਰੇ ਮੁਲਾਜ਼ਮ 9 ਅਗਸਤ ਤੋਂ 15 ਅਗਸਤ ਤੱਕ ਮੁਕੰਮਲ ਹੜਤਾਲ ਕਰਕੇ ਸੂਬੇ ਅੰਦਰ ਚੱਕਾ ਵੀ ਜਾਮ ਕਰਨਗੇ।
ਅੱਜ ਦੀ ਇਸ ਮਹਾਰੈਲੀ ਨੇ ਜਿੱਥੇ ਮੁਲਾਜ਼ਮ ਦੀ ਇੱਕਜੁਟਤਾ ਦਾ ਸਬੂਤ ਦਿੱਤਾ, ਉੱਥੇ ਹੀ ਇਸ ਕਦਰ ਆਪਣੇ ਹੱਕਾਂ ਲਈ ਮੁਲਾਜ਼ਮ ਵਰਗ ਦੇ ਇੱਕਜੁਟ ਹੋਣ ਦੀ ਇਹ ਕਾਰਵਾਈ ਰਾਜਸੀ ਧਿਰਾਂ, ਖਾਸ ਕਰਕੇ ਸੂਬੇ ਦੀ ਸੱਤਾਧਾਰੀ ਕੈਪਟਨ ਸਰਕਾਰ ਲਈ ਵੱਡੀ ਚੁਣੌਤੀ ਵੀ ਹੈ। ਇਸ ਮੰਚ ਤੋਂ ਫਰੰਟ ਦੇ ਕਨਵੀਨਰ ਸੁਖਚੈਨ ਖਹਿਰਾ ਸਮੇਤ ਹੋਰਨਾਂ ਬੁਲਾਰਿਆਂ ਨੇ ਵੀ ਸਰਕਾਰ ਨੂੰ ਚੇਤੰਨ ਕੀਤਾ ਕਿ ਜੇਕਰ ਉਹ ਹੁਣ ਵੀ ਸੰਜੀਦਾ ਨਾ ਹੋਈ ਤਾਂ ਮੁਲਾਜ਼ਮਾਂ ਦਾ ਇਹ ਏਕਾ ਸਰਕਾਰ ਦੀਆਂ ਚੂਲਾਂ ਹਿਲਾ ਦੇਵੇਗਾ।
ਬੁਲਾਰਿਆਂ ਨੇ ਕਿਹਾ ਕਿ ਜੇਕਰ ਫੇਰ ਵੀ ਸਰਕਾਰ ਦੀ ਅੱਖ ਨਾ ਖੁੱਲ੍ਹੀ, ਤਾਂ ਮੁਲਾਜ਼ਮ ਵਰਗ ਅਜਿਹਾ ਐਕਸ਼ਨ ਉਲੀਕਣ ਲਈ ਮਜਬੂਰ ਹੋਵੇਗਾ ਕਿ ਸਰਕਾਰ ਦੀ ਅੱਖ ਹੀ ਨਹੀਂ ਲੱਗ ਸਕੇਗੀ। ਇਹ ਮਹਾਰੈਲੀ ਛੇਵੇਂ ਪੇਅ ਕਮਿਸ਼ਨ ਦੀ ਰਿਪੋਰਟ ਸੋਧਣ, ਕੱਚੇ ਮੁਲਾਜ਼ਮ ਪੱਕੇ ਕਰਨ, ਪਰਖ ਕਾਲ ਦੋ ਸਾਲ ਕਰਕੇ ਪੂਰੀ ਤਨਖਾਹ ਦੇਣ, ਡੀ.ਏ ਦੀਆਂ ਕਿਸ਼ਤਾਂ ਤੇ ਬਕਾਇਆ ਜਾਰੀ ਕਰਨ, ਪੈਨਸ਼ਨ ਸਕੀਮ ਬਹਾਲ ਕਰਨ, ਨਵੀਂ ਭਰਤੀ ਤੋਂ ਕੇਂਦਰੀ ਤਨਖਾਹ ਸਕੇਲਾਂ ਵਾਲੀ ਸ਼ਰਤ ਹਟਾਉਣ ਅਤੇ ਪੁਨਰਗਠਨ ਦੇ ਨਾਂ ’ਤੇ ਖਤਮ ਆਸਾਮੀਆਂ ਬਹਾਲ ਕਰਨ ਸਮੇਤ ਕੁਝ ਹੋਰ ਸਾਂਝੀਆਂ ਮੰਗਾਂ ਦੀ ਪੂਰਤੀ ’ਤੇ ਆਧਾਰਤ ਸੀ। ਮਹਾਰੈਲੀ ਦੀ ਅਗਵਾਈ ਸੁਖਚੈਨ ਖਹਿਰਾ, ਸਤੀਸ਼ ਰਾਣਾ, ਦਰਸ਼ਨ ਲੁਬਾਣਾ, ਮੇਘ ਸਿੰਘ ਸਿੱਧੂ, ਪ੍ਰੇਮ ਸਾਗਰ ਸ਼ਰਮਾ, ਸੁਖਦੇਵ ਸੈਣੀ, ਭੁਪਿੰਦਰ ਵੜੈਚ ਆਦਿ 16 ਸੂਬਾਈ ਕਨਵੀਨਰਾਂ ਨੇ ਕੀਤੀ।
ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ ਮਹਿਲਾ ਮੁਲਾਜ਼ਮ
ਇਸ ਤੋਂ ਪਹਿਲਾਂ ਮੌਸਮ ਦੇ ਵਿਗੜੇ ਮਿਜ਼ਾਜ ਕਾਰਨ ਪੁੱਡਾ ਗਰਾਊਂਡ ਤੋਂ ਬਦਲ ਕੇ ਨਵੀਂ ਅਨਾਜ ਮੰਡੀ ਵਿੱਚ ਕੀਤੀ ਗਈ ਇਸ ਰੈਲੀ ਦੌਰਾਨ ਵੱਡੀ ਗਿਣਤੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ। ਮਹਿਲਾ ਮੁਲਾਜ਼ਮਾਂ ਦੀ ਗਿਣਤੀ ਵਧੇਰੇ ਸੀ, ਜਿਨ੍ਹਾਂ ਵਿੱਚੋਂ ਕਈ ਤਾਂ ਆਪਣੇ ਛੋਟੇ ਬੱਚਿਆਂ ਸਮੇਤ ਪੁੱਜੀਆਂ ਹੋਈਆਂ ਸਨ। ਉਕਤ ਆਗੂਆਂ ਤੋਂ ਇਲਾਵਾ ਅਨੇਕਾਂ ਹੋਰਨਾਂ ਬੁਲਾਰਿਆਂ ਨੇ ਵੀ ਖੂਬ ਭੜਾਸ ਕੱਢੀ ਅਤੇ ਸੂਬੇ ਦੀਆਂ ਰਾਜ ਦੀਆਂ ਦੋਵੇਂ ਮੁੱਖ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਵੱਲੋਂ ਮੁਲਾਜ਼ਮਾਂ ਨੂੰ ਲਾਏ ਲਾਰਿਆਂ ਦਾ ਜ਼ਿਕਰ ਕੀਤਾ। ਇਸ ਦੌਰਾਨ ਕੈਪਟਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਆਗੂਆਂ ਦਾ ਕਹਿਣਾ ਸੀ ਕਿ ਮੁਲਾਜ਼ਮਾਂ ਨੂੰ ਦਰਕਿਨਾਰ ਕਰਨ ਵਾਲੀ ਕੋਈ ਵੀ ਸਰਕਾਰ ਕਦੇ ਕਾਮਯਾਬ ਨਹੀਂ ਹੋ ਸਕਦੀ।
ਚੌਕ ਵਿੱਚ ਹੀ ਘੇਰੇ ਮਹਿਲ ਘੇਰਨ ਲਈ ਆਏ ਮੁਲਾਜ਼ਮ
ਉਲੀਕੇ ਪ੍ਰੋਗਰਾਮ ਤਹਿਤ ਮੋਤੀ ਮਹਿਲ ਦੇ ਘਿਰਾਓ ਲਈ ਬਜ਼ਿੱਦ ਹਜ਼ਾਰਾਂ ਮੁਲਾਜ਼ਮਾਂ ਦਾ ਕਾਫ਼ਲਾ ਭਾਵੇਂ ਕਿ ਪੈਦਲ ਹੀ ਮਾਰਚ ਕਰਦਾ ਹੋਇਆ ਪੰਜ ਕਿਲੋਮੀਟਰ ਦਾ ਸਫਰ ਤਾਂ ਤੈਅ ਕਰ ਆਇਆ ਪਰ ਐੱਸਪੀ ਵਰੁਣ ਸ਼ਰਮਾ (ਆਈਪੀਐੱਸ) ਦੀ ਅਗਵਾਈ ਹੇਠਾਂ ਪਹਿਲਾਂ ਤੋਂ ਹੀ ਤਾਇਨਤ ਦਸ ਜ਼ਿਲ੍ਹਿਆਂ ਤੋਂ ਬੁਲਾਈ ਭਾਰੀ ਪੁਲੀਸ ਫੋਰਸ ਨੇ ਇਸ ਕਾਫ਼ਲੇ ਨੂੰ ਵਾਈਪੀਐੱਸ ਚੌਕ ’ਤੇ ਹੀ ਰੋਕ ਲਿਆ। ਭਾਵੇਂ ਕਿ ਕਨਵੀਨਰਾਂ ਨੇ ਸ਼ਾਂਤ ਰਹਿਣ ਦਾ ਸੰਦੇਸ਼ ਦਿੱਤਾ ਪਰ ਇੱਥੇ ਪੁਲੀਸ ਤੇ ਮੁਲਾਜ਼ਮਾਂ ਦਰਮਿਆਨ ਹਲਕਾ ਧੱਕਾਮੁੱਕੀ ਅਤੇ ਖਿੱਚ-ਧੂਹ ਵੀ ਹੋਈ, ਜਿਸ ਦੌਰਾਨ ਦੋ ਪੁਲੀਸ ਮੁਲਾਜ਼ਮਾਂ ਸਮੇਤ ਚਾਰ ਜਣਿਆਂ ਦੀਆਂ ਕਥਿਤ ਪੱਗਾਂ ਵੀ ਉਤਰ ਗਈਆਂ। ਇੱਕ ਥਾਣੇਦਾਰ ਸਮੇਤ ਪ੍ਰਦਰਸ਼ਨਕਾਰੀਆਂ ਵਿੱਚੋਂ ਵੀ ਕੁਝ ਕੁ ਮੁਲਾਜ਼ਮਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਮੁਲਾਜ਼ਮ ਆਗੂਆਂ ਦੀ ਮੰਗ ਸੀ ਕਿ ਉਹ ਸਿਰਫ਼ ਮੁੱਖ ਮੰਤਰੀ ਨਾਲ ਹੀ ਮੀਟਿੰਗ ਕਰਨਗੇ ਨਹੀਂ ਤਾਂ ਇਥੇ ਹੀ ਪੱਕਾ ਮੋਰਚਾ ਸ਼ੁਰੂ ਕਰ ਦੇਣਗੇ। ਪਰ ਅਧਿਕਾਰੀਆਂ ਵੱਲੋਂ ਆਗੂਆਂ ਦੀ ਮੀਟਿੰਗ 30 ਜੁਲਾਈ ਨੂੰ ਮੀਟਿੰਗ ਸਬ ਕਮੇਟੀ ਨਾਲ ਮੁਕੱਰਰ ਕਰਵਾ ਦਿੱਤੀ ਗਈ, ਜਿਸ ’ਤੇ ਦੋ ਘੰਟਿਆਂ ਮਗਰੋਂ ਧਰਨਾ ਚੁੱਕ ਲਿਆ ਗਿਆ। ਇਸੇ ਦੌਰਾਨ ਰੈਲੀ ਪ੍ਰਬੰਧਕ ਸੁਖਚੈਨ ਖਹਿਰਾ, ਦਰਸ਼ਨ ਲੁਬਾਣਾ ਆਦਿ ਨੇ ਦਾਅਵਾ ਕੀਤਾ ਕਿ ਅੱਜ ਦੀ ਰੈਲੀ ਵਿਚ 60 ਹਜ਼ਾਰ ਤੋਂ ਵੱਧ ਮੁਲਾਜ਼ਮ ਪਹੁੰਚੇ ਸਨ। ਪਰ ਸਰਕਾਰੀ ਖੁਫ਼ੀਆ ਏਜੰਸੀਆਂ ਵੱਲੋਂ ਇਕੱਠ ਦਾ ਅੰਕੜਾ ਇਸ ਤੋਂ ਅੱਧਾ ਦੱਸਿਆ ਜਾ ਰਿਹਾ ਹੈ। ਕੁਝ ਮਾਹਿਰਾਂ ਮੁਤਾਬਕ ਰੈਲੀ ਵਿੱਚ ਚਾਲੀ ਹਜ਼ਾਰ ਦਾ ਇਕੱਠ ਸੀ।