ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 27 ਸਤੰਬਰ
ਮਹਾਰਾਸ਼ਟਰ ਦੇ ਸਿੱਖ ਭਾਈਚਾਰੇ ਨੇ ਸੰਯੁਕਤ ਕਿਸਾਨ ਮੋਰਚੇ ਦੇ ਭਾਰਤ ਬੰਦ ਦੇ ਸੱਦੇ ਦਾ ਸਮਰਥਨ ਕਰਦਿਆਂ ਅੱਜ ਸੁਪਰੀਮ ਕੌਂਸਲ ਨਵੀਂ ਮੁੰਬਈ ਗੁਰਦੁਆਰਾ ਦੇ ਚੇਅਰਮੈਨ ਭਾਈ ਜਸਪਾਲ ਸਿੰਘ ਸਿੱਧੂ ਦੀ ਅਗਵਾਈ ਹੇਠ ਨਵੀ ਮੁੰਬਈ ਵਿੱਚ ਕਿਸਾਨਾਂ ਦੇ ਹੱਕ ਵਿੱਚ ਅਤੇ ਕੇਂਦਰ ਸਰਕਾਰ ਖ਼ਿਲਾਫ਼ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ।
ਪ੍ਰਦਰਸ਼ਨਕਾਰੀਆਂ ਨੇ ਸੜਕ ਕਿਨਾਰੇ ਖੜ੍ਹੇ ਹੋ ਕੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ। ਉਨ੍ਹਾਂ ਹੱਥਾਂ ਕਿਸਾਨਾਂ-ਮਜ਼ਦੂਰਾਂ ਦੇ ਹੱਥ ’ਚ ਨਾਅਰੇ ਲਿਖੇ ਬੈਨਰ ਅਤੇ ਤਖ਼ਤੀਆਂ ਚੁੱਕੀਆਂ ਹੋਈਆਂ ਸਨ।
ਭਾਈ ਜਸਪਾਲ ਸਿੰਘ ਸਿੱਧੂ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਤੋਂ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨ ਪਿਛਲੇ ਤਕਰੀਬਨ ਇੱਕ ਸਾਲ ਤੋਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ਪਰ ਕੇਂਦਰ ਸਰਕਾਰ ਕਿਸਾਨਾਂ ਦੀ ਮੰਗ ਪ੍ਰਤੀ ਸੰਜੀਦਗੀ ਨਹੀਂ ਦਿਖਾ ਰਹੀ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਦਾ ਸਿੱਖ ਭਾਈਚਾਰਾ ਕਿਸਾਨਾਂ ਨਾਲ ਡਟ ਕੇ ਖੜ੍ਹਾ ਹੈ। ਇਸ ਮੌਕੇ ਪੰਜਾਬੀ ਕਲਚਰ ਐਸੋਸੀਏਸ਼ਨ ਦੇ ਚੇਅਰਮੈਨ ਗੁਰਬਖ਼ਸ਼ ਸਿੰਘ, ਸੈਕਟਰੀ ਮੇਹਰ ਸਿੰਘ ਰੰਧਾਵਾ, ਗੁਰਦੁਆਰਾ ਦੇ ਪ੍ਰਧਾਨ ਤੇਜਿੰਦਰ ਸਿੰਘ, ਗੁਰਦੁਆਰਾ ਪਨਵੇਲ ਦੇ ਪ੍ਰਧਾਨ ਹਰਵਿੰਦਰ ਸਿੰਘ ਬੁੱਟਰ, ਗੁਰਦੁਆਰਾ ਕਲਮਬੋਲੀ ਦੇ ਪ੍ਰਧਾਨ ਜੋਗਿੰਦਰ ਸਿੰਘ, ਨਰੂਲ ਗੁਰਦੁਆਰਾ ਦੇ ਪ੍ਰਧਾਨ ਗਿਆਨ ਸਿੰਘ, ਗੁੁਰਦੁਆਰਾ ਅਰੌਲੀ ਦੇ ਪ੍ਰਧਾਨ ਅਮਰਪਾਲ ਸਿੰਘ, ਗੁਰਦੁਆਰਾ ਖਾਰਗੜ੍ਹ ਤੋਂ ਸਤਨਾਮ ਸਿੰਘ ਮਾਨ ਤੇ ਪ੍ਰਤਾਪ ਸਿੰਘ ਭੈਲ, ਕਾਮੋਥੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਚਰਨਦੀਪ ਸਿੰਘ, ਗੁੁਰਦੁਆਰਾ ਅਰੌਲੀ ਤੋਂ ਅਮਰਜੀਤ ਸਿੰਘ ਅਤੇ ਕੋਪਰ ਖੈਰਨੇ ਦੇ ਪ੍ਰਧਾਨ ਇੰਦਰ ਪ੍ਰੀਤ ਸਿੰਘ ਸਮੇਤ ਹੋਰਨਾਂ ਨੇ ਪ੍ਰਦਰਸ਼ਨ ’ਚ ਹਾਜ਼ਰੀ ਲਵਾਈ।