ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 16 ਫਰਵਰੀ
ਸੰਯੁਕਤ ਕਿਸਾਨ ਮੋਰਚੇ ਨਾਲ ਜੁੜੀਆਂ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਵਿੱਚ ਅਗਲੇ ਦਿਨਾਂ ਦੌਰਾਨ ਐਲਾਨੀਆਂ ਮਹਾਪੰਚਾਇਤਾਂ ਰੱਦ ਕਰ ਦਿੱਤੀਆਂ ਗਈਆਂ ਹਨ। ਕੇਂਦਰ ਸਰਕਾਰ ਵੱਲੋਂ ਮੋਰਚਾ ਖੁਰਨ ਬਾਰੇ ਫੈਲਾਏ ਜਾ ਰਹੇ ਭਰਮ ਨੂੰ ਖੁੰਢਾ ਕਰਨ ਲਈ ਕਿਸਾਨ ਆਗੂਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਧਰਨਿਆਂ ਨੂੰ ਹੋਰ ਮਜ਼ਬੂਤ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਮੌਕੇ 18 ਫਰਵਰੀ ਦੇ ਦੇਸ਼ ਪੱਧਰੀ ‘ਰੇਲ ਰੋਕੋ’ ਪ੍ਰੋਗਰਾਮ ਬਾਰੇ ਵੀ ਚਰਚਾ ਕੀਤੀ ਗਈ। ਆਗੂਆਂ ਨੇ ਕਿਹਾ ਕਿ ਪਿੰਡਾਂ ਵਿੱਚੋਂ ਹੋਰ ਟਰੈਕਟਰ ਟਰਾਲੀਆਂ ਆਉਣਗੀਆਂ। ਨੌਜਵਾਨ ਫ਼ਸਲਾਂ ਸਾਂਭਣਗੇ ਤੇ ਔਰਤਾਂ ਤੇ ਬਜ਼ੁਰਗ ਮੋਰਚੇ ਸਾਂਭਣਗੇ।
ਸਿੰਘੂ ਵਿੱਚ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਮੀਟਿੰਗ ਕੀਤੀ ਗਈ ਤੇ ਅਗਲੇ ਪ੍ਰੋਗਰਾਮਾਂ ਬਾਰੇ ਚਰਚਾ ਕੀਤੀ ਗਈ। ਬਾਅਦ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਕਿਸਾਨ ਆਗੂ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਪੰਜਾਬ ਵਿੱਚ ਹੁਣ ਮਹਾਂਪੰਚਾਇਤਾਂ ਨਹੀਂ ਕੀਤੀਆਂ ਜਾਣਗੀਆਂ ਤੇ ਪਿੰਡਾਂ ਵਿੱਚ ਕਿਸਾਨਾਂ ਨੂੰ ਦਿੱਲੀ ਲਿਆਉਣ ਲਈ ਹੁਣ ਮੌਸਮੀ ਤਬਦੀਲੀਆਂ ਅਨੁਸਾਰ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗਰਮੀ ਕਰਕੇ ਪੱਖੇ, ਕੂਲਰ, ਬਿਜਲੀ, ਪਾਣੀ, ਮੱਛਰਾਂ ਤੋਂ ਰੋਕਥਾਮ ਵਰਗੇ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਟੌਲ ਪਲਾਜ਼ਿਆਂ, ਰੇਲਵੇ ਪਾਰਕਾਂ ਸਮੇਤ ਭਾਜਪਾ ਆਗੂਆਂ ਦੇ ਘਿਰਾਓ ਦੇ ਐਕਸ਼ਨ ਚੱਲ ਰਹੇ ਹਨ, ਇਸ ਲਈ ਉੱਥੇ ਮਹਾਂਪੰਚਾਇਤਾਂ ਕਰਨ ਦੀ ਲੋੜ ਨਹੀਂ।
ਮੇਜਰ ਸਿੰਘ ਪੰਨੂਵਾਲਾ ਨੇ ਦੱਸਿਆ ਕਿ 18 ਫਰਵਰੀ ਦੇ ‘ਰੇਲ ਰੋੋਕੋ ਪ੍ਰੋਗਰਾਮ’ ਦੌਰਾਨ ਰਾਜਾਂ ਵਿੱਚ ਕਾਇਮ ਜਥੇਬੰਦੀਆਂ ਵੱਲੋਂ ਹੇਠਲੇ ਪੱਧਰ ’ਤੇ ਇਹ ਬੰਦ ਕੀਤਾ ਜਾਵੇਗਾ। ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਲੜਾਈ ਲੰਬੀ ਹੈ ਤੇ ਸਿੰਘੂ ਤੇ ਟਿਕਰੀ ਗਾਜ਼ੀਪੁਰ ਮੁੱਖ ਮੋਰਚੇ ਰਹਿਣਗੇ।
ਬਲਦੇਵ ਸਿੰਘ ਨਿਹਾਲਗੜ੍ਹ ਨੇ ਕਿਹਾ ਕਿ ਮੋਰਚੇ ਦੇ 3 ਮਹੀਨੇ ਪੂਰੇ ਹੋਣ ਉਪਰ ਵਿਸ਼ੇਸ਼ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਗੋਦੀ ਮੀਡੀਆ ਵੱਲੋਂ ਜੋ ਪ੍ਰਚਾਰ ਕੀਤਾ ਜਾ ਰਿਹਾ ਹੈ, ਉਸ ਦੇ ਉਲਟ ਕਿਸਾਨ ਰਹੇ ਹਨ। ਆਗੂਆਂ ਨੇ ਕਿਹਾ ਕਿ ਕਿਸਾਨ ਆਗੂ ਸੁਰਜੀਤ ਸਿੰਘ ਫੂਲ ਬਾਰੇ ਅਗਲੇ ਦਿਨਾਂ ਦੌਰਾਨ ਫ਼ੈਸਲਾ ਕੀਤਾ ਜਾਵੇਗਾ ਜਦਕਿ ਸ੍ਰੀ ਸੰਘਾ ਮੁੜ ਮੀਟਿੰਗਾਂ ਵਿੱਚ ਸ਼ਾਮਲ ਹੋਣ ਲੱਗੇ ਹਨ।