ਪੱਤਰ ਪ੍ਰੇਰਕ
ਡੱਬਵਾਲੀ, 4 ਸਤੰਬਰ
ਅੰਮ੍ਰਿਤਸਰ-ਜਾਮਨਗਰ ਹਾਈਵੇਅ ਨਿਰਮਾਣ ਸਬੰਧੀ ਨਿਰਮਾਣ ਕੰਪਨੀ ਵੀਆਰਸੀ ਦੇ ਅਬੁੱਬਸ਼ਹਿਰ ਪਲਾਂਟ ਦੇ ਗੇਟ ਅੱਗੇ ਮਰਨ ਵਰਤ ’ਤੇ ਬੈਠੇ ਜਸਬੀਰ ਸਿੰਘ ਭਾਟੀ ਦੇ ਸੰਘਰਸ਼ ਨੂੰ ਹੋਰ ਮਘਾਉਣ ਲਈ ਇਥੇ 6 ਸਤੰਬਰ ਨੂੰ ਮਹਾਪੰਚਾਇਤ ਕੀਤੀ ਜਾਵੇਗੀ। ਅੱਜ ਦੇਰ ਸ਼ਾਮ ਕਿਸਾਨਾਂ ਅਤੇ ਅਧਿਕਾਰੀਆਂ ਵਿਚਕਾਰ ਵਿੱਚ ਕੁਝ ਨੁਕਤਿਆਂ ’ਤੇ ਦੋ ਘੰਟੇ ਲੰਮੀ ਵਾਰਤਾ ਹੋਈ, ਜੋ ਕਿ ਬੇਸਿੱਟਾ ਰਹੀ। ਮੀਟਿੰਗ ਮੌਕੇ ਕਿਸਾਨਾਂ ਨੇ ਪ੍ਰਸ਼ਾਸਨ ਨੂੰ ਦੋ ਟੁਕ ਕਿਹਾ ਕਿ ਅਗਾਂਹ ਤੋਂ ਫੈਸਲਾਕੁਨ ਅਧਿਕਾਰਾਂ ਵਾਲਾ ਸਮਰਥ ਅਧਿਕਾਰੀ ਹੀ ਗੱਲਬਾਤ ਲਈ ਭੇਜਿਆ ਜਾਵੇ। ਜਾਣਕਾਰੀ ਮੁਤਾਬਕ ਮਹਾਪੰਚਾਇਤ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਕਈ ਆਗੂ ਪੁੱਜਣਗੇ। ਅੱਜ ਸ੍ਰੀ ਭਾਟੀ ਦੇ ਮਰਨ ਵਰਤ ਨੂੰ ਹਮਾਇਤ ਦੇਣ ਲਈ ਭਾਕਿਯੂ (ਉਠਾਨ) ਦੇ ਪ੍ਰਧਾਨ ਸੁਖਦੇਵ ਸਿੰਘ ਵਿਰਕ, ਭਾਕਿਯੂ ਏਕਤਾ ਉਗਰਾਹਾਂ ਤੋਂ ਭੋਲਾ ਸਿੰਘ, ਪ੍ਰਕਾਸ਼ ਸਿੰਘ ਸਾਹੂਵਾਲਾ ਵੀ ਪੁੱਜੇ।