ਸਰਬਜੀਤ ਸਿੰਘ ਭੰਗੂ
ਪਟਿਆਲਾ, 5 ਫਰਵਰੀ
ਸੂਬੇ ਵਿੱਚ 21 ਲੱਖ ਦੇ ਕਰੀਬ ਵਰਕਰਾਂ ਕੋਲ ਮਗਨਰੇਗਾ (ਮਹਾਤਮਾ ਗਾਂਧੀ ਕੌਮੀ ਦਿਹਾਤੀ ਰੁਜ਼ਗਾਰ ਯੋਜਨਾ) ਦਾ ਜੌਬ ਕਾਰਡ ਹੈ। ਇਹ ਸੌ ਦਿਨ ਦਾ ਰੁਜ਼ਗਾਰ ਪ੍ਰਾਪਤ ਕਰਨ ਦਾ ਅਧਿਕਾਰਤ ਹੱਕ ਰੱਖਦੇ ਹਨ ਪਰ ਹਕੀਕੀ ਰੂਪ ਵਿੱਚ ਅਜਿਹਾ ਕਰ ਪਾਉਣਾ ਹਾਲੇ ਕੋਹਾਂ ਦੂਰ ਹੈ। ਇਨ੍ਹਾਂ ’ਚੋਂ ‘ਵਰਕ ਅਲਾਟਮੈਂਟ ਲੈਟਰ’ ਪ੍ਰਾਪਤ ਕਰਨ ਵਾਲਿਆਂ ਦੀ ਗਿਣਤੀ ਲਗਪਗ 27 ਹਜ਼ਾਰ ਦੱਸੀ ਜਾ ਰਹੀ ਹੈ। ਬਹੁਤੇ ਵਰਕਰਾਂ ਦੇ ਅਨਪੜ੍ਹ ਹੋਣ ਕਾਰਨ ਜਾਗਰੂਕਤਾ ਦੀ ਘਾਟ ਹੈ। ਇਸ ਕਰਕੇ ਵਰਕ ਅਲਾਟਮੈਂਟ ਲੈਟਰ ਜਾਰੀ ਕਰਵਾਉਣ ਦਾ ਰੁਝਾਨ ਸ਼ੁਰੂ ਕਰਵਾਉਣ ਲਈ ਮਗਨਰੇਗਾ ਵਰਕਰਾਂ ਨੂੰ ਭਾਰੀ ਜੱਦੋ-ਜਹਿਦ ਕਰਨੀ ਪਈ ਹੈ। ਮਗਨਰੇਗਾ ਵਰਕਰਾਂ ਦੀਆਂ ਦੁਸ਼ਵਾਰੀਆਂ ਦੇ ਹੱਲ ਲਈ ਪਟਿਆਲਾ ਜ਼ਿਲ੍ਹੇ ’ਚ ਸਥਾਪਤ ਹੋਇਆ ‘ਡੈਮੋਕ੍ਰੈਟਿਕ ਮਗਨਰੇਗਾ ਫਰੰਟ’ ਕਾਰਗਰ ਸਾਬਤ ਹੋ ਰਿਹਾ ਹੈ।
ਵਰਕ ਅਲਾਟਮੈਂਟ ਲੈਟਰ ਯਕੀਨੀ ਬਣਾਉਣ ਸਮੇਤ ਕਈ ਹੋਰ ਮਾਮਲਿਆਂ ਦੇ ਹੱਲ ਲਈ ਫਰੰਟ ਦੇ ਸੂਬਾਈ ਪ੍ਰਧਾਨ ਰਾਜ ਕੁਮਾਰ ਸਿੰਘ ਕਨਸੂਹਾ ਅਤੇ ਸਲਾਹਕਾਰ ਗੁਰਮੀਤ ਸਿੰਘ ਥੂਹੀ ਸਮੇਤ ਕੁਲਵੰਤ ਕੌਰ ਥੂਹੀ, ਰਾਣੀ ਕੌਰ ਸਮਾਣਾ, ਸੁਨੀਤਾ ਰਾਣੀ ਕੈਦੂਪੁਰ ਆਦਿ ਅਹੁਦੇਦਾਰ ਸਰਗਰਮ ਭੂਮਿਕਾ ਨਿਭਾ ਰਹੇ ਹਨ। ਇਸ ਫਰੰਟ ਦੀਆਂ ਸਰਗਰਮੀਆਂ ਦੇ ਮੱਦੇਨਜ਼ਰ ਪਟਿਆਲਾ ਜ਼ਿਲ੍ਹੇ ਨੂੰ ਮਗਨਰੇਗਾ ਦੇ ਇੰਸਟੀਚਿਊਟ ਵਜੋਂ ਵੀ ਜਾਣਿਆ ਜਾਣ ਲੱਗਾ ਹੈ। ਫਰੰਟ ਦੇ ਸੂਬਾਈ ਸਲਾਹਕਾਰ ਗੁਰਮੀਤ ਸਿੰਘ ਥੂਹੀ ਦੱਸਦੇ ਹਨ ਕਿ ਨਾਭਾ, ਸਮਾਣਾ, ਪਟਿਆਲਾ, ਪਟਿਆਲਾ ਦਿਹਾਤੀ ਅਤੇ ਪਾਤੜਾਂ ਆਦਿ ਬਲਾਕਾਂ ਵਿੱਚ ਵਰਕ ਅਲਾਟਮੈਂਟ ਲੈਟਰ ਮਿਲਣ ਲੱਗੇ ਹਨ। ਵਰਕ ਅਲਾਟਮੈਂਟ ਲੈਟਰ ਪ੍ਰਾਪਤ ਕਰਨ ਵਿੱਚ ਕਾਮਯਾਬ ਵਰਕਰਾਂ ਵਿੱਚ ਕਈ ਤਰ੍ਹਾਂ ਦੀ ਤਬਦੀਲੀ ਵੀ ਆਈ ਹੈ। ਉਨ੍ਹਾਂ ਨੂੰ ਇੱਜ਼ਤ ਨਾਲ ਕੰਮ ਮਿਲਣ ਲੱਗਿਆ ਹੈ, ਉੱਥੇ ਹੀ ਕਈ ਲਾਭ ਵੀ ਮਿਲਣ ਲੱਗੇ ਹਨ। ਪਹਿਲਾਂ ਕੰਮ ਦੀ ਵੰਡ ਸਬੰਧੀ ਕਈ ਪਿੰਡਾਂ ਦੇ ਸਰਪੰਚਾਂ ਅਤੇ ਅਧਿਕਾਰੀਆਂ ਵੱਲੋਂ ਮਰਜ਼ੀ ਨਾਲ ਕੰਮ ਕਰਵਾਇਆ ਜਾਂਦਾ ਸੀ ਪਰ ਲੈਟਰ ਪ੍ਰਾਪਤ ਕਰਨ ਵਾਲੇ ਵਰਕਰਾਂ ਨੂੰ ਮਿਲੇ ਕੰਮ ਤੋਂ ਇਲਾਵਾ ਹੋਰ ਕੰਮ ਲਈ ਨਹੀਂ ਵਰਤਿਆ ਜਾ ਸਕਦਾ।
ਮਗਨਰੇਗਾ ਵਰਕਰ ਚਰਨਜੀਤ ਕੌਰ ਰਾਮਗੜ੍ਹ ਨੇ ਦੱਸਿਆ ਕਿ ਲੈਟਰ ਰਾਹੀਂ ਕੰਮ ਮਿਲਿਆ ਹੋਣ ਦੀ ਸੂਰਤ ਵਿੱਚ ਜੇ ਕਿਸੇ ਵਰਕਰ ਨੂੰ ਸੱਟ ਵੱਜ ਜਾਂਦੀ ਹੈ ਜਾਂ ਬਿਮਾਰ ਹੋ ਜਾਂਦਾ ਹੈ ਜਾਂ ਸੱਪ ਲੜ ਜਾਂਦਾ ਹੈ ਤਾਂ ਸਬੰਧਤ ਵਰਕਰ ਦਾ ਇਲਾਜ ਮੁਫਤ ਕਰਵਾਇਆ ਜਾਂਦਾ ਹੈ। ਉਸ ਦੇ ਖਾਤੇ ਵਿੱਚ ਓਨੇ ਦਿਨ ਅੱਧੀ ਦਿਹਾੜੀ ਦੀ ਰਾਸ਼ੀ ਵੀ ਪਾਈ ਜਾਂਦੀ ਹੈ, ਜਿੰਨੇ ਦਿਨ ਉਹ ਜ਼ੇਰੇ ਇਲਾਜ ਰਹਿੰਦਾ ਹੈ। ਕੁਲਵੰਤ ਕੌਰ ਥੂਹੀ ਤੇ ਰਾਣੀ ਕੌਰ ਕਾਠਮੱਠੀ ਨੇ ਦੱਸਿਆ ਕਿ ਅਲਾਟਮੈਂਟ ਲੈਟਰ ਮਿਲਣ ਦੀ ਸੂਰਤ ਵਿੱਚ 60 ਸਾਲ ਤੋਂ ਉੱਪਰ ਦੇ ਵਰਕਰਾਂ ਸਮੇਤ ਗਰਭਵਤੀ ਜਾਂ ਕੁਝ ਮਹੀਨੇ ਪਹਿਲਾਂ ਬੱਚੇ ਨੂੰ ਜਨਮ ਦੇਣ ਵਾਲੀਆਂ ਮਹਿਲਾਵਾਂ ਤੋਂ ਵੀ ਹਲਕੇ-ਫੁਲਕੇ ਪੱਧਰ ਦਾ ਕੰਮ ਲਿਆ ਜਾਣਾ ਬਣਦਾ ਹੈ। ਮਗਨਰੇਗਾ ਵਰਕਰ ਸੁਖਵੰਤ ਸਿੰਘ ਫ਼ਤਹਿਪੁਰ ਤੇ ਆਸ਼ਾ ਰਾਮ ਪੇਧਨੀ ਨੇ ਕਿਹਾ ਕਿ ਵਰਕਰਾਂ ਦੀ ਇਕਜੁੱਟਤਾ ਕਰਕੇ ਐਤਕੀਂ ਚੋਣਾਂ ਦੌਰਾਨ ਸਿਆਸੀ ਆਗੂਆਂ ਤੇ ਵਰਕਰਾਂ ਵੱਲੋਂ ਵੀ ਉਨ੍ਹਾਂ ਤੱਕ ਪਹੁੰਚ ਕੀਤੀ ਜਾਣ ਲੱਗੀ ਹੈ। ਕਈ ਹੋਰਨਾਂ ਸੰਗਠਨਾਂ ਦੀ ਤਰ੍ਹਾਂ ਇਨ੍ਹਾਂ ਚੋਣਾਂ ਵਿੱਚ ਮਗਨਰੇਗਾ ਵਰਕਰਾਂ ਦੀ ਵਧੀ ਪੁੱਛ-ਗਿੱਛ ਤੋਂ ਵਰਕਰ ਮਾਣ ਮਹਿਸੂਸ ਕਰਨ ਲੱਗੇ ਹਨ।
ਮਗਨਰੇਗਾ ਵਰਕਰ ਰਾਜਸੀ ਸੂਝ-ਬੂਝ ਵੀ ਰੱਖਣ ਲੱਗੇ ਹਨ। ਚਰਨਜੀਤ ਕੌਰ ਰਾਮਗੜ੍ਹ ਤਾਂ ਮਗਨਰੇਗਾ ਵਰਕਰਾਂ ਦੀਆਂ ਕਈ ਸਮੱਸਿਆਵਾਂ ਸਬੰਧੀ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੂੰ ਸਵਾਲ ਵੀ ਕਰ ਚੁੱਕੀ ਹੈ। ਇਸ ਤੋਂ ਇਲਾਵਾ ਬਾਕੀ ਵਰਕਰਾਂ ਵੱਲੋਂ ਕਾਂਗਰਸੀ ਉਮੀਦਵਾਰ ਮੋਹਿਤ ਮਹਿੰਦਰਾ, ਅਕਾਲੀ ਉਮੀਦਵਾਰ ਬਿੱਟੂ ਚੱਠਾ ਤੇ ਨਾਭਾ ਤੋਂ ਅਕਾਲੀ ਉਮੀਦਵਾਰ ਕਬੀਰ ਦਾਸ ਸਮੇਤ ਹੋਰ ਉਮੀਦਵਾਰਾਂ ਨੂੰ ਵੀ ਸਵਾਲ ਕੀਤੇ ਗਏ ਹਨ।
ਕੀ ਹੈ ਵਰਕ ਅਲਾਟਮੈਂਟ ਲੈਟਰ
ਜੌਬ ਕਾਰਡ ਵਾਲੇ ਮਗਨਰੇਗਾ ਵਰਕਰ ਨੇ ਬੀਡੀਪੀਓ ਦਫ਼ਤਰ ਵਿੱਚ ਅਰਜ਼ੀ ਦੇਣੀ ਹੁੰਦੀ ਹੈ ਕਿ ਉਸ ਨੂੰ ਕੰਮ ਚਾਹੀਦਾ ਹੈ। ਇਸ ਦੌਰਾਨ ਘੱਟ ਤੋਂ ਘੱਟ 14 ਤੇ ਵੱਧ ਤੋਂ ਵੱਧ 100 ਦਿਨ ਦਾ ਕੰਮ ਮੰਗਿਆ ਜਾ ਸਕਦਾ ਹੈ। ਅਰਜ਼ੀ ਵਿੱਚ ਵਰਕਰ ਨੂੰ ਇਹ ਵੀ ਦੱਸਣਾ ਹੁੰਦਾ ਹੈ ਕਿ ਉਸ ਨੂੰ ਇਸ ਵਕਤ ਕਿੰਨੇ ਦਿਨਾਂ ਦਾ ਕੰਮ ਲੋੜੀਂਦਾ ਹੈ। ਫਿਰ 15 ਦਿਨਾਂ ਅੰਦਰ ਕੰਮ ਦੇਣਾ ਲਾਜ਼ਮੀ ਹੁੰਦਾ ਹੈ। ਵਰਕਰ ਨੂੰ ਦਿੱਤਾ ਜਾਣ ਵਾਲਾ ਕੰਮ ਬਾਕਾਇਦਾ ਸੂਚੀਬੱਧ ਕੀਤਾ ਜਾਂਦਾ ਹੈ ਤੇ ਇਹ ਜਾਣਕਾਰੀ ਉਸ ਨੂੰ ਲਿਖਤੀ ਰੂਪ ਵਿੱਚ ਦਿੱਤੀ ਜਾਂਦੀ ਹੈ ਕਿ ਉਸ ਨੇ ਕਿੰਨੇ ਦਿਨ ਕਿੱਥੇ ਕੰਮ ਕਰਨਾ ਹੈ। ਇਸ ਲਿਖਤੀ ਰੂਪ ਵਿਚ ਦਿੱਤੀ ਗਈ ਜਾਣਕਾਰੀ ਨੂੰ ਵਰਕ ਅਲਾਟਮੈਂਟ ਲੈਟਰ ਕਹਿੰਦੇ ਹਨ।