ਮਾਛੀਵਾੜਾ (ਪੱਤਰ ਪ੍ਰੇਰਕ): ਆਟੋਮੋਬਾਈਲ ਦਾ ਕੰਮ ਕਰਨ ਵਾਲੇ ਮਾਛੀਵਾੜਾ ਦੇ ਨੌਜਵਾਨ ਏਕਜੋਤ ਸਿੰਘ ਸੈਣੀ ਨੇ ਅੱਜ ਮੁਹਾਲੀ ਦੇ ਸੈਕਟਰ-71 ’ਚ ਸਥਿਤ ਆਪਣੀ ਰਿਹਾਇਸ਼ ’ਤੇ ਫਾਹਾ ਲੈ ਕੇ ਜਾਨ ਦੇ ਦਿੱਤੀ। ਉਹ ਮੂਲ ਰੂਪ ਵਿੱਚ ਮਾਛੀਵਾੜਾ ਦੇ ਜੇਐੱਸ ਨਗਰ ਦਾ ਨਿਵਾਸੀ ਸੀ, ਜਿਥੇ ਸ਼ਹਿਰ ਵਿੱਚ ਉਸ ਦਾ ਦੋ-ਪਹੀਆ ਵਾਹਨਾਂ ਦਾ ਸ਼ੋਅਰੂਮ ਸੀ। ਏਕਜੋਤ ਪਿਛਲੇ ਕੁਝ ਸਮੇਂ ਤੋਂ ਆਪਣੀ ਪਤਨੀ ਨਾਲ ਮੁਹਾਲੀ ’ਚ ਰਹਿ ਰਿਹਾ ਸੀ ਤੇ ਕਰੀਬ ਸਾਲ ਪਹਿਲਾਂ ਉਸ ਨੇ ਕੁਝ ਹੋਰ ਸ਼ਹਿਰਾਂ ਵਿੱਚ ਵੀ ਸ਼ੋਅਰੂਮ ਖੋਲ੍ਹੇ ਸਨ। ਉਸ ਦਾ ਦੋ ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਕੁਝ ਦਿਨ ਪਹਿਲਾਂ ਹੀ ਉਸ ਦੀ ਪਤਨੀ ਅਮਰੀਕਾ ਗਈ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਏਕਜੋਤ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿ ਰਿਹਾ ਸੀ। ਅੱਜ ਜਦੋਂ ਵਾਰ ਵਾਰ ਫੋਨ ਕਰਨ ’ਤੇ ਵੀ ਏਕਜੋਤ ਨੇ ਨਹੀਂ ਚੁੱਕਿਆ ਤਾਂ ਉਸ ਦੇ ਮਾਤਾ-ਪਿਤਾ ਮੁਹਾਲੀ ਆ ਗਏ। ਉਨ੍ਹਾਂ ਜਦੋਂ ਘਰ ਅੰਦਰ ਜਾ ਕੇ ਵੇਖਿਆ ਤਾਂ ਏਕਜੋਤ ਨੇ ਫਾਹਾ ਲਿਆ ਹੋਇਆ ਸੀ।