ਪੱਤਰ ਪ੍ਰੇਰਕ
ਮਹਿਲ ਕਲਾਂ, 2 ਅਗਸਤ
ਪਿੰਡ ਕੁਰੜ ਨਾਲ ਸਬੰਧਤ ਉੱਭਰਦੇ ਪੰਜਾਬੀ ਗੀਤਕਾਰ ਗੁਰਿੰਦਰ ਸਰਾਂ (30) ਦੀ ਕੈਨੇਡਾ ਵਿੱਚ ਮੌਤ ਹੋ ਗਈ ਹੈ, ਜਿਸ ਵੱਲੋਂ ਲਿਖੇ ਗੀਤ ‘ਗੁੱਤ ਨਾਰ ਦੀ’ ਕੁਲਵਿੰਦਰ ਬਿੱਲਾ, ‘ਰੈੱਡ ਲੀਫ਼’ ਅਤੇ ਸਰਦਾਰ ਜਿਹੇ ਗੀਤ ਸਿੱਪੀ ਗਿੱਲ ਵੱਲੋਂ ਗਾਏ ਗਏ, ਜੋ ਕਾਫ਼ੀ ਮਕਬੂਲ ਹੋਏ ਹਨ। ਉਸ ਨੇ ਥੋੜ੍ਹੇ ਸਮੇਂ ਵਿੱਚ ਹੀ ਪ੍ਰਸਿੱਧੀ ਹਾਸਲ ਕਰ ਲਈ ਸੀ। ਜਾਣਕਾਰੀ ਅਨੁਸਾਰ ਗੁਰਿੰਦਰ ਸਿੰਘ ਸਰਾਂ ਪੁੱਤਰ ਬਲਵੀਰ ਸਿੰਘ ਵਾਸੀ ਕੁਰੜ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜੋ ਡੇਢ ਪਹਿਲਾਂ ਆਪਣੀ ਪਤਨੀ ਕਿਰਨਪਾਲ ਕੌਰ ਕੋਲ ਐਡਮੰਟਨ (ਕੈਨੇਡਾ) ਚਲਾ ਗਿਆ। ਕੁਝ ਦਿਨ ਪਹਿਲਾਂ ਗੁਰਿੰਦਰ ਨੂੰ ਅਚਾਨਕ ਦੌਰਾ ਪਿਆ ਤੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਗੁਰਿੰਦਰ ਦੇ ਕੈਨੇਡਾ ਵਿਚਲੇ ਦੋਸਤਾਂ ਵੱਲੋਂ ਉਸ ਦੀ ਮ੍ਰਿਤਕ ਦੇਹ ਭਾਰਤ ਭੇਜਣ ਲਈ ਯਤਨ ਕੀਤੇ ਜਾ ਰਹੇ ਹਨ।