ਸੰਤੋਖ ਗਿੱਲ
ਮੁੱਲਾਂਪੁਰ ਦਾਖਾ, 20 ਮਈ
ਲੁੱਟ-ਖੋਹ ਦੀ ਵਾਰਦਾਤ ਵਿਚ ਪੁਲੀਸ ਵੱਲੋਂ ਬਰਾਮਦ ਕੀਤੀ ਇਕ ਲਗਜ਼ਰੀ ਕਾਰ ਮਾਲਖ਼ਾਨੇ ਵਿਚ ਜਮ੍ਹਾਂ ਕਰਾਉਣ ਦੀ ਥਾਂ ਜਾਅਲੀ ਨੰਬਰ ਲਾ ਕੇ ਥਾਣਾ ਦਾਖਾ ਦੇ ਤਤਕਾਲੀ ਮੁਖੀ ਵੱਲੋਂ ਸਾਲਾਂ-ਬੱਧੀ ਨਿੱਜੀ ਵਰਤੋਂ ਕਰਨ ਦਾ ਮਾਮਲਾ ਇਕ ਵਾਰ ਫਿਰ ਚਰਚਾ ਵਿਚ ਆ ਗਿਆ ਹੈ। ਤਤਕਾਲੀ ਥਾਣਾ ਮੁਖੀ ਪ੍ਰੇਮ ਸਿੰਘ ਭੰਗੂ 30 ਅਪਰੈਲ ਨੂੰ ਸੇਵਾਮੁਕਤ ਹੋ ਗਿਆ ਹੈ ਪਰ ਉਸ ਖ਼ਿਲਾਫ਼ ਕਾਨੂੰਨੀ ਸ਼ਿਕੰਜਾ ਕੱਸੇ ਜਾਣ ਦੇ ਆਸਾਰ ਉਸ ਵੇਲੇ ਪੈਦਾ ਹੋ ਗਏ ਜਦੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਮੁੱਲਾਂਪੁਰ ਦੇ ਇਕ ਢਾਬਾ ਮਾਲਕ ਰਾਵਿੰਦਰਪਾਲ ਦੀ ਫ਼ੌਜਦਾਰੀ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਹੇਠਲੀ ਅਦਾਲਤ ਨੂੰ ਇਸ ਮਾਮਲੇ ਵਿਚ ਤੇਜ਼ੀ ਨਾਲ ਕਾਰਵਾਈ ਕਰਨ ਦੇ ਹੁਕਮ ਦਿੱਤੇ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਲੰਘੇ ਸੋਮਵਾਰ ਨੂੰ ਕੇਸ ਦੀ ਸੁਣਵਾਈ ਦੌਰਾਨ ਕਈ ਮੌਕੇ ਦਿੱਤੇ ਜਾਣ ਦੇ ਬਾਵਜੂਦ ਸੂਬਾ ਸਰਕਾਰ ਅਤੇ ਪੁਲੀਸ ਵੱਲੋਂ ਕੋਈ ਜਵਾਬ ਦਾਇਰ ਨਹੀਂ ਕੀਤਾ ਗਿਆ ਜਿਸ ਤੋਂ ਬਾਅਦ ਜਸਟਿਸ ਗੁਰਵਿੰਦਰ ਸਿੰਘ ਗਿੱਲ ਦੀ ਅਦਾਲਤ ਨੇ ਸ਼ਿਕਾਇਤਕਰਤਾ ਨੂੰ ਜ਼ਾਬਤਾ ਫ਼ੌਜਦਾਰੀ ਦੀ ਧਾਰਾ 156(3) ਅਧੀਨ ਹੇਠਲੀ ਅਦਾਲਤ ਵਿਚ 23 ਮਈ ਨੂੰ ਪਹੁੰਚ ਕਰਨ ਦੀ ਹਦਾਇਤ ਕੀਤੀ ਹੈ ਅਤੇ ਇਲਾਕਾ ਮੈਜਿਸਟ੍ਰੇਟ ਨੂੰ ਵੀ ਤੇਜ਼ੀ ਨਾਲ ਕਾਰਵਾਈ ਕਰਨ ਲਈ ਕਿਹਾ ਹੈ।
ਸੋਸ਼ਲ ਮੀਡੀਆ ਉੱਪਰ ਤਸਵੀਰਾਂ ਅਤੇ ਵੀਡੀਓ ਵਾਇਰਲ ਹੋਣ ਬਾਅਦ ਭੰਨਤੋੜ ਕਰ ਕੇ ਉਕਤ ਕਾਰ ਥਾਣਾ ਦਾਖਾ ਵਿਚ ਖੜ੍ਹੀ ਕਰ ਦਿੱਤੀ ਗਈ ਹੈ।