ਸਰਬਜੀਤ ਸਿੰਘ ਭੱਟੀ
ਲਾਲੜੂ, 17 ਅਗਸਤ
ਸੜਕਾਂ ’ਤੇ ਫਿਰਦੇ ਲਾਵਾਰਿਸ ਪਸ਼ੂਆਂ ਤੋਂ ਲੰਪੀ ਸਕਿਨ ਦੀ ਬਿਮਾਰੀ ਹੋਰ ਪਸ਼ੂਆਂ ਵਿੱਚ ਫੈਲਣ ਦਾ ਖਦਸ਼ਾ ਬਣਿਆ ਹੋਇਆ, ਜਿਸ ਕਾਰਨ ਪਸ਼ੂ ਪਾਲਕ ਘਬਰਾਏ ਹੋਏ ਹਨ। ਉਹ ਆਪੋ-ਆਪਣੇ ਪੱਧਰ ’ਤੇ ਪਸ਼ੂਆਂ ਦਾ ਇਲਾਜ ਕਰਵਾ ਰਹੇ ਹਨ। ਲਾਲੜੂ ਸ਼ਹਿਰ ਵਿੱਚ ਸਥਿਤ ਦੋ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਨੇ ਲਾਵਾਰਿਸ ਗਾਵਾਂ ਅਤੇ ਹੋਰ ਗਊਧਨ ਨੂੰ ਗਊਸ਼ਾਲਾ ਵਿੱਚ ਲੈਣ ਤੋਂ ਨਾਂਹ ਕਰ ਦਿੱਤੀ ਹੈ। ਲਾਲੜੂ ਸ਼ਹਿਰ ਦੀ ਦੋ ਗਊਸ਼ਾਲਾਵਾਂ ਅੰਦਰ ਕਈ ਦਰਜਨ ਗਾਵਾਂ ਇਸ ਬਿਮਾਰੀ ਦੀ ਲਪੇਟ ਵਿੱਚ ਆਉਣ ਹੋਣ ਕਾਰਨ ਇਲਾਕੇ ਦੇ ਪਸ਼ੂ ਪਾਲਕ ਦਹਿਸ਼ਤ ਵਿੱਚ ਹਨ। ਉਨ੍ਹਾਂ ਨੂੰ ਸਰਕਾਰੀ ਪਸ਼ੂ ਹਸਪਤਾਲਾਂ ਵਿੱਚ ਵੈਕਸੀਨ ਨਾ ਆਉਣ ਕਾਰਨ ਪ੍ਰਾਈਵੇਟ ਤੌਰ ’ਤੇ ਆਪਣੇ ਪੱਧਰ ’ਤੇ ਪਸ਼ੂਆਂ ਦਾ ਮਹਿੰਗਾ ਇਲਾਜ ਕਰਵਾਉਣਾ ਪੈ ਰਿਹਾ ਹੈ। ਜ਼ਿਲ੍ਹਾ ਪੱਧਰੀ ਸਰਕਾਰੀ ਗਊਸ਼ਾਲਾ ਮਗਰਾ ਵਿੱਚ 510 ਦੇ ਕਰੀਬ ਗਾਵਾਂ ਅਤੇ ਹੋਰ ਗਊਧਨ ਹੈ, ਜਿਨ੍ਹਾਂ ਵਿੱਚੋਂ ਤਿੰਨ ਦਰਜਨ ਦੇ ਕਰੀਬ ਪਸ਼ੂ ਲੰਪੀ ਸਕਿਨ ਤੋਂ ਪੀੜਤ ਹਨ। ਲਾਲੜੂ ਮੰਡੀ ਦੀ ਗੋਪਾਲ ਗਊਸ਼ਾਲਾ ਵਿੱਚ ਵੀ ਕਰੀਬ ਇੱਕ ਦਰਜਨ ਪਸ਼ੂ ਵੀ ਇਸ ਬਿਮਾਰੀ ਦੀ ਲਪੇਟ ਵਿੱਚ ਹਨ।
ਸਾਬਕਾ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਬਿਮਲ ਸ਼ਰਮਾ ਨੇ ਦੱਸਿਆ ਕਿ ਲੰਪੀ ਸਕਿਨ ਬਿਮਾਰੀ ਵਾਇਰਸ ਹੈ, ਜੋ ਮੱਖੀ, ਮੱਛਰਾਂ, ਚਿੱਚੜਾਂ ਦੇ ਕੱਟਣ ਨਾਲ ਫੈਲਦਾ ਹੈ, ਜਿਸ ਨਾਲ ਪਸ਼ੂਆਂ ਦੇ ਸਰੀਰ ’ਤੇ ਗੰਢਾਂ ਬਣ ਜਾਂਦੀਆਂ ਹਨ ਤੇ ਤੇਜ਼ ਬੁਖਾਰ ਹੋ ਜਾਂਦਾ ਹੈ। ਨਗਰ ਕੌਂਸਲ ਲਾਲੜੂ ਦੇ ਕਾਰਜਸਾਧਕ ਅਫਸਰ ਰਾਜੇਸ਼ ਸ਼ਰਮਾ ਨੇ ਕਿਹਾ ਕਿ ਲਾਵਾਰਿਸ ਪਸ਼ੂਆਂ ਨੂੰ ਗਊਸ਼ਾਲਾ ਵਿੱਚ ਨਾ ਲੈਣ ਸਬੰਧੀ ਜੇ ਕੋਈ ਮੁਸ਼ਕਲ ਆਵੇ ਤਾਂ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਸਰਕਾਰੀ ਪਸ਼ੂ ਹਸਪਤਾਲ ਲਾਲੜੂ ਦੇ ਵੈਟਰਨਰੀ ਡਾ. ਕਸ਼ਮ ਲਾਂਬਾ ਨੇ ਕਿਹਾ ਕਿ ਲਾਵਾਰਸ ਪਸ਼ੂਆਂ ਨੂੰ ਫੜਨ ਦੀ ਜ਼ਿੰਮੇਵਾਰੀ ਕੌਂਸਲ ਦੀ ਹੈ ਅਤੇ ਬਿਮਾਰੀ ਨਾਲ ਪੀੜਤ ਪਸ਼ੂਆਂ ਦਾ ਇਲਾਜ ਉਨ੍ਹਾਂ ਵਲੋਂ ਕੀਤਾ ਜਾਣਾ ਹੈ, ਦਵਾਈਆਂ ਦੀ ਸਪਲਾਈ ਘੱਟ ਹੋਣ ਕਾਰਨ ਦਿੱਕਤ ਆ ਰਹੀ ਹੈ, ਜੋ ਛੇਤੀ ਹੱਲ ਹੋ ਜਾਵੇਗੀ।
ਸਰਕਾਰ ਲੰਪੀ ਸਕਿਨ ’ਤੇ ਕਾਬੂ ਪਾਉਣ ’ਚ ਫੇਲ੍ਹ: ਸਿੱਧੂ
ਐੱਸ.ਏ.ਐੱਸ. ਨਗਰ (ਮੁਹਾਲੀ) (ਪੱਤਰ ਪ੍ਰੇਰਕ): ਪੰਜਾਬ ਦੇ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਵਿਭਾਗ ਦੇ ਸਾਬਕਾ ਮੰਤਰੀ ਅਤੇ ਭਾਜਪਾ ਆਗੂ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪਸ਼ੂਆਂ ਵਿੱਚ ਲਗਾਤਾਰ ਫੈਲ ਰਹੀ ਲੰਪੀ ਸਕਿਨ ਬਿਮਾਰੀ ’ਤੇ ਕਾਬੂ ਪਾਉਣ ਲਈ ‘ਆਪ’ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ, ਜਿਸ ਕਾਰਨ ਪਸ਼ੂ ਪਾਲਕ ਕਾਫ਼ੀ ਚਿੰਤਤ ਹਨ। ਉਨ੍ਹਾਂ ਮੰਗ ਕੀਤੀ ਕਿ ਪਸ਼ੂ ਪਾਲਕਾਂ ਲਈ ਆਫ਼ਤ ਬਣ ਕੇ ਆਈ ਲੰਪੀ ਸਕਿਨ ਬੀਮਾਰੀ ’ਤੇ ਕਾਬੂ ਪਾਉਣ ਲਈ ਤੁਰੰਤ ਢੁਕਵੀਂ ਮਾਤਰਾ ਵਿੱਚ ਲੋੜੀਂਦੀਆਂ ਦਵਾਈਆਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਮਰ ਰਹੇ ਪਸ਼ੂਆਂ ਨੂੰ ਸੁਰੱਖਿਅਤ ਢੰਗ ਨਾਲ ਬਿੱਲੇ ਲਾਉਣ ਦੇ ਢੁਕਵੇਂ ਇੰਤਜ਼ਾਮ ਕੀਤੇ ਜਾਣ ਤਾਂ ਕਿ ਬਾਕੀ ਪਸ਼ੂਆਂ ਨੂੰ ਇਸ ਘਾਤਕ ਬੀਮਾਰੀ ਦੀ ਮਾਰ ਤੋਂ ਬਚਾਇਆ ਜਾ ਸਕੇ।