ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਅਗਸਤ
ਲੰਪੀ ਸਕਿਨ ਦੀ ਰੋਕਥਾਮ ਲਈ ਨਿਗਰਾਨੀ ਰੱਖਣ ਲਈ ਗਠਤ ਕੀਤੇ ਗਏ ਮੰਤਰੀ ਸਮੂਹ ਨੇ ਅੱਜ ਬਿਮਾਰੀ ਦੀ ਰੋਕਥਾਮ ਲਈ ਗੋਟ ਪੌਕਸ ਦਵਾਈ ਦੀਆਂ 3.33 ਲੱਖ ਹੋਰ ਖ਼ੁਰਾਕਾਂ ਮੰਗਵਾਉਣ ਦੇ ਨਿਰਦੇਸ਼ ਦਿੱਤੇ ਹਨ। ਇੱਥੇ ਪੰਜਾਬ ਭਵਨ ਵਿਚ ਮੀਟਿੰਗ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਨਿਰਦੇਸ਼ ਦਿੱਤੇ ਹਨ ਕਿ 3 ਲੱਖ 33 ਹਜ਼ਾਰ ਹੋਰ ਖ਼ੁਰਾਕਾਂ ਦੇਸ਼ ਦੀਆਂ ਪ੍ਰਵਾਨਤ ਪਸ਼ੂ ਸੰਸਥਾਵਾਂ ਤੋਂ ਤੁਰੰਤ ਮੰਗਵਾਈਆਂ ਜਾਣ।
ਮੰਤਰੀ ਸਮੂਹ ਨੇ ਹਦਾਇਤ ਕੀਤੀ ਕਿ ਟੀਕਾਕਰਨ ਦਾ ਟੀਚਾ ਦੁੱਗਣਾ ਕਰ ਕੇ ਰੋਜ਼ਾਨਾ 50,000 ਕੀਤਾ ਜਾਵੇ। ਇਹ ਵੀ ਯਕੀਨੀ ਬਣਾਇਆ ਜਾਵੇ ਕਿ ਪਸ਼ੂਆਂ ਦਾ ਟੀਕਾਕਰਨ ਮੁਫ਼ਤ ਕੀਤਾ ਜਾ ਰਿਹਾ ਹੈ। ਹੁਣ ਤੱਕ 1 ਲੱਖ 30 ਹਜ਼ਾਰ ਤੋਂ ਵੱਧ ਪਸ਼ੂਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਮੰਤਰੀ ਸਮੂਹ ਨੇ ਮਰੇ ਪਸ਼ੂਆਂ ਨੂੰ ਖੁੱਲ੍ਹੇ ਵਿੱਚ ਸੁੱਟਣ ਤੋਂ ਰੋਕਣ ਲਈ ਸਰਕਾਰ ਨੇ ਬੀਡੀਪੀਓਜ਼ ਨੂੰ ਫੰਡ ਜਾਰੀ ਕਰ ਕੇ ਹਦਾਇਤ ਕੀਤੀ ਹੈ ਕਿ ਉਹ ਆਪਣੇ ਅਧੀਨ ਖੇਤਰਾਂ ਵਿੱਚ ਪਸ਼ੂਆਂ ਨੂੰ ਦਫ਼ਨਾਉਣਾ ਯਕੀਨੀ ਬਣਾਉਣ ਲਈ ਸਰਪੰਚਾਂ ਨਾਲ ਰਾਬਤਾ ਰੱਖਣਗੇ। ਪਸ਼ੂ ਪਾਲਕਾਂ ਨੂੰ ਮਰੇ ਪਸ਼ੂਆਂ ਨੂੰ ਖੁੱਲ੍ਹੇ ਵਿੱਚ ਨਾ ਸੁੱਟਣ ਦੀ ਅਪੀਲ ਕੀਤੀ ਹੈ।
ਮਰੇ ਪਸ਼ੂ ਪਾਣੀ ’ਚ ਨਾ ਵਹਾਏ ਜਾਣ: ਬੈਂਸ
ਜਲ ਸਰੋਤ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮਰੇ ਪਸ਼ੂਆਂ ਨੂੰ ਕਿਸੇ ਵੀ ਜਲ ਸਰੋਤ ਵਿੱਚ ਨਾ ਸੁੱਟਿਆ ਜਾਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੰਪੀ ਸਕਿਨ ਕਾਰਨ ਮਰੇ ਪਸ਼ੂਆਂ ਨੂੰ ਟੋਆ ਪੁੱਟ ਕੇ ਦੱਬਿਆ ਜਾਵੇ। ਪਸ਼ੂਆਂ ਨੂੰ ਪਾਣੀ ’ਚ ਵਹਾਉਣ ਨਾਲ ਲੋਕਾਂ ਲਈ ਖ਼ਤਰਾ ਪੈਦਾ ਹੋ ਜਾਵੇਗਾ। ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਡੀਸੀ ਬਠਿੰਡਾ ਨੂੰ ਪੱਤਰ ਜਾਰੀ ਕਰ ਕੇ ਲੋੜੀਂਦੇ ਕਦਮ ਚੁੱਕਣ ਲਈ ਕਿਹਾ ਹੈ।