ਮਹਿੰਦਰ ਸਿੰਘ ਰੱਤੀਆਂ
ਮੋਗਾ, 23 ਸਤੰਬਰ
ਇਥੇ ਕਬਾੜ ਬਾਜ਼ਾਰ ਵਿੱਚ ਚੋਰੀ ਦਾ ਮੋਟਰਸਾਈਕਲ ਬਰਾਮਦ ਕਰਨ ਆਈ ਥਾਣਾ ਡਿਵੀਜ਼ਨ-5, ਲੁਧਿਆਣਾ ਪੁਲੀਸ ਦੇ ਐੱਸਐੱਚਓ ਸਬ-ਇੰਸਪੈਕਟਰ ਕੁਲਦੀਪ ਸਿੰਘ ’ਤੇ ਤੈਸ਼ ’ਚ ਆ ਕੇ ਨਗਰ ਨਿਗਮ ਦੇ ਡਿਪਟੀ ਮੇਅਰ ਅਸ਼ੋਕ ਧਮੀਜਾ ਨੂੰ ਕਥਿਤ ਤੌਰ ’ਤੇ ਥੱਪੜ ਮਾਰਨ ਦਾ ਦੋਸ਼ ਲੱਗਿਆ ਹੈ। ਘਟਨਾ ਮਗਰੋਂ ਇਕੱਠੇ ਹੋਏ ਲੋਕਾਂ ਨੇ ਲੁਧਿਆਣਾ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਵੇਰਵਿਆਂ ਅਨੁਸਾਰ ਸਬ-ਇੰਸਪੈਕਟਰ ਕੁਲਦੀਪ ਸਿੰਘ ਦੀ ਅਗਵਾਈ ਹੇਠ ਸ਼ਾਮ ਨੂੰ ਪੁਲੀਸ ਨੇ ਸਥਾਨਕ ਕਬਾੜ ਮਾਰਕੀਟ ਵਿੱਚ ਛਾਪਾ ਮਾਰਿਆ। ਲੁਧਿਆਣਾ ਪੁਲੀਸ ਨਾਲ ਕਥਿਤ ਚੋਰੀ ਦੇ ਸ਼ੱਕ ਵਿੱਚ ਕਾਬੂ ਕੀਤਾ ਮੁਨੀਸ਼ ਕੁਮਾਰ ਨਾਂ ਦਾ ਨੌਜਵਾਨ ਵੀ ਹਾਜ਼ਰ ਸੀ। ਇਸ ਮੌਕੇ ਲੁਧਿਆਣਾ ਪੁਲੀਸ ਨੇ ਦਾਅਵਾ ਕੀਤਾ ਕਿ ਇਸ ਮੁਲਜ਼ਮ ਦੀ ਪੁੱਛਗਿੱਛ ਉੱਤੇ ਹੀ ਛਾਪਾ ਮਾਰਿਆ ਗਿਆ ਹੈ। ਜਿਸ ਦੁਕਾਨ ਉੱਤੇ ਛਾਪਾ ਮਾਰਿਆ ਗਿਆ ਉਸ ਨੇ ਸਥਾਨਕ ਨਗਰ ਨਿਗਮ ਦੇ ਡਿਪਟੀ ਮੇਅਰ ਅਸ਼ੋਕ ਧਮੀਜਾ, ਜੋ ਕਬਾੜ ਬਾਜ਼ਾਰ ਦੇ ਪ੍ਰਧਾਨ ਵੀ ਹਨ, ਨੂੰ ਫੋਨ ਕਰਕੇ ਸੱਦ ਲਿਆ। ਉਨ੍ਹਾਂ ਨੇ ਲੁਧਿਆਣਾ ਪੁਲੀਸ ਤੋਂ ਛਾਪੇ ਬਾਰੇ ਪੁੱਛਿਆ ਤਾਂ ਤੈਸ਼ ’ਚ ਆਏ ਐੱਸਐੱਚਓ ਕੁਲਦੀਪ ਸਿੰਘ ਨੇ ਡਿਪਟੀ ਮੇਅਰ ਨੂੰ ਕਥਿਤ ਤੌਰ ’ਤੇ ਥੱਪੜ ਜੜ੍ਹ ਦਿੱਤਾ। ਥੱਪੜ ਮਾਰਨ ਦੀ ਕਾਰਵਾਈ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐੱਸਪੀ (ਸਿਟੀ) ਜਸ਼ਨਦੀਪ ਸਿੰਘ ਗਿੱਲ ਦੀ ਅਗਵਾਈ ਹੇਠ ਪੁਲੀਸ ਮੌਕੇ ਉੱਤੇ ਪਹੁੰਚ ਗਈ। ਇਸ ਮੌਕੇ ਲੁਧਿਆਣਾ ਪੁਲੀਸ ਡਿਪਟੀ ਮੇਅਰ ਨੂੰ ਥੱਪੜ ਮਾਰਨ ਤੋਂ ਮੁਕਰ ਗਈ। ਡੀਐੱਸਪੀ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਬਾਅਦ ਲੁਧਿਆਣਾ ਪੁਲੀਸ ਨੂੰ ਸਥਾਨਕ ਥਾਣਾ ਸਿਟੀ ਲਿਆਂਦਾ ਗਿਆ।