ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 27 ਅਗਸਤ
ਦਾਣਾ ਮੰਡੀ ਟਰਾਂਸਪੋਟੇਸ਼ਨ ਟੈਂਡਰ ਘੁਟਾਲੇ ’ਚ ਨਾਜ਼ਮਦ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਜ਼ਦੀਕੀਆਂ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਸਾਬਕਾ ਮੰਤਰੀ ਦੇ ਨਜ਼ਦੀਕੀ ਸਾਥੀ ਇੰਦਰਜੀਤ ਸਿੰਘ ਇੰਦੀ ਨੂੰ ਘੁਟਾਲੇ ਵਿੱਚ ਨਾਮਜ਼ਦ ਕਰਨ ਮਗਰੋਂ ਹੁਣ ਵਿਜੀਲੈਂਸ ਟੀਮ ਨੇ ਮੇਅਰ ਬਲਕਾਰ ਸੰਧੂ ਨੂੰ ਵੀ ਜਾਂਚ ’ਚ ਸ਼ਾਮਲ ਕਰ ਲਿਆ ਹੈ ਅਤੇ ਅੱਜ ਮੇਅਰ ਤੋਂ ਪੁੱਛ-ਪੜਤਾਲ ਕੀਤੀ।
ਕਰੀਬ ਡੇਢ ਘੰਟੇ ਤੱਕ ਵਿਜੀਲੈਂਸ ਅਧਿਕਾਰੀਆਂ ਨੇ ਇੱਕ ਵੱਖਰੇ ਕਮਰੇ ’ਚ ਸਾਬਕਾ ਮੰਤਰੀ ਦੇ ਸਭ ਤੋਂ ਕਰੀਬੀ ਮੇਅਰ ਬਲਕਾਰ ਸੰਧੂ ਤੋਂ ਪੁੱਛ-ਪੜਤਾਲ ਕੀਤੀ। ਇਸ ਦੌਰਾਨ ਵਿਜੀਲੈਂਸ ਅਧਿਕਾਰੀਆਂ ਨੂੰ ਮੇਅਰ ਤੋਂ ਕੁਝ ਸਵਾਲਾਂ ਦੇ ਜਵਾਬ ਤਾਂ ਮਿਲ ਗਏ। ਪਰ ਕੁਝ ਸਵਾਲਾਂ ਦੇ ਜਵਾਬ ’ਚ ਮੇਅਰ ਸੰਧੂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਹੈ।
ਵਿਜੀਲੈਂਸ ਵੱਲੋਂ ਸ਼ੁੱਕਰਵਾਰ ਨੂੰ ਕੌਂਸਲਰ ਸੰਨੀ ਭੱਲਾ ਨੂੰ ਵੀ ਨੋਟਿਸ ਭੇਜ ਕੇ ਬੁਲਾਇਆ ਗਿਆ ਸੀ। ਪਰ ਦੱਸਿਆ ਜਾ ਰਿਹਾ ਹੈ ਕਿ ਸੰਨੀ ਭੱਲਾ ਨੇ ਘਰ ’ਚ ਕੋਈ ਪ੍ਰੇਸ਼ਾਨੀ ਹੋਣ ਦਾ ਹਵਾਲਾ ਦੇ ਦਿੱਤਾ ਤੇ ਪੇਸ਼ ਨਹੀਂ ਹੋਏ। ਹੁਣ ਦੁਬਾਰਾ ਵਿਜੀਲੈਂਸ ਨੇ ਸੰਨੀ ਭੱਲਾ ਨੂੰ ਪੇਸ਼ ਹੋਣ ਲਈ ਕਿਹਾ ਹੈ। ਸ਼ੁੱਕਰਵਾਰ ਰਾਤ ਨੂੰ ਹੀ ਵਿਜੀਲੈਂਸ ਦੀ ਟੀਮ ਨੇ ਇੰਦਰਜੀਤ ਇੰਦੀ ਨੂੰ ਨਾਜ਼ਮਦ ਕਰ ਲਿਆ। ਇੰਦੀ ਦੀ ਗ੍ਰਿਫ਼ਤਾਰੀ ਦੇ ਲਈ ਬੱਸ ਅੱਡੇ ਅਤੇ ਉਸ ਦੇ ਆਸਪਾਸ ਦੇ ਹੋਟਲਾਂ ’ਚ ਛਾਪੇ ਮਾਰੇ ਗਏ, ਪਰ ਉਹ ਨਹੀਂ ਮਿਲਿਆ। ਵਿਜੀਲੈਂਸ ਨੇ ਅੱਜ ਮੇਅਰ ਬਲਕਾਰ ਸੰਧੂ ਨੂੰ ਵੀ ਪੁੱਛ ਪੜਤਾਲ ਲਈ ਸੱਦਿਆ ਸੀ। ਡੇਢ ਘੰਟੇ ਦੀ ਪੜਤਾਲ ਮਗਰੋਂ ਜਦੋਂ ਮੇਅਰ ਬਾਹਰ ਆਏ ਤੇ ਕਿਹਾ ਕਿ ਉਨ੍ਹਾਂ ਨੂੰ ਵਿਜੀਲੈਂਸ ਨੇ ਪੁੱਛਗਿਛ ਲਈ ਬੁਲਾਇਆ ਸੀ। ਮੇਅਰ ਨੇ ਅਖਿਆ ਕਿ ਉਨ੍ਹਾਂ ਨੇ ਵਿਜੀਲੈਂਸ ਅਧਿਕਾਰੀਆਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦੇ ਦਿੱਤੇ ਹਨ। ਇਹ ਪੁੱਛੇ ਜਾਣ ’ਤੇ ਕਿ ਵਿਜੀਲੈਂਸ ਟੀਮ ਨੇ ਉਨ੍ਹਾਂ ਤੋਂ ਕਿਹੜੇ ਸਵਾਲ ਪੁੱਛੇ ਹਨ, ਦੇ ਜਵਾਬ ’ਚ ਮੇਅਰ ਨੇ ਕਿਹਾ, ‘‘ਇਹ ਤੁਸੀਂ ਵਿਜੀਲੈਂਸ ਅਧਿਕਾਰੀਆਂ ਤੋਂ ਪੁੱਛ ਸਕਦੇ ਹੋ।’’
ਪੁਲੀਸ ਨੇ ਕਾਂਗਰਸੀਆਂ ਦਾ ਮੋਰਚਾ ਚੁਕਵਾਇਆ
ਲੁਧਿਆਣਾ: ਸਾਬਕਾ ਮੰਤਰੀ ਆਸ਼ੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਵਿਜੀਲੈਂਸ ਦੇ ਦਫ਼ਤਰ ਸਾਹਮਣੇ ਟੈਂਟ ਲਗਾ ਕੇ ਪੱਕਾ ਮੋਰਚਾ ਲਾਈ ਬੈਠੇ ਕਾਂਗਰਸੀਆਂ ਦੇ ਟੈਂਟ ਨੂੰ ਸ਼ਨਿਚਰਵਾਰ ਦੇਰ ਰਾਤ ਪੁਲੀਸ ਨੇ ਚੁੱਕਵਾ ਦਿੱਤਾ। ਪੁਲੀਸ ਨੇ ਕਾਰਵਾਈ ਕਰਦੇ ਹੋਏ ਟੈਂਟ ਤੰਬੂਆਂ ਨੂੰ ਉਥੋਂ ਹਟਵਾਇਆ। ਥਾਣਾ ਡਿਵੀਜ਼ਨ ਨੰਬਰ 8 ਦੀ ਪੁਲੀਸ ਨੇ ਰਾਤ ਨੂੰ ਪਹਿਲਾਂ ਟੈਂਟ ਕੁਰਸੀਆਂ ਤੇ ਹੋਰ ਸਾਮਾਨ ਨੂੰ ਜ਼ਿਲ੍ਹਾ ਪਰਿਸ਼ਦ ਦੀ ਬਿਲਡਿੰਗ ਤੋਂ ਚੁਕਵਾਇਆ। ਪੁਲੀਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉੱਚ ਅਧਿਕਾਰੀਆਂ ਵੱਲੋਂ ਧਰਨਾ ਚੁਕਵਾਉਣ ਦੇ ਹੁਕਮ ਮਿਲੇ ਸਨ। ਇਸ ਤੋਂ ਪਹਿਲਾਂ ਅੱਜ ਦਾਣਾ ਮੰਡੀ ਟਰਾਂਸਪੋਟੇਸ਼ਨ ਟੈਂਡਰ ਘੁਟਾਲੇ ’ਚ ਚੱਲ ਰਹੀ ਜਾਂਚ ਦੌਰਾਨ ਸ਼ਿਕਾਇਤਕਰਤਾ ਤੇ ਠੇਕੇਦਾਰ ਗੁਰਪ੍ਰੀਤ ਸਿੰਘ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਹੈ। ਉਨ੍ਹਾਂ ਨੇ ਸਾਬਕਾ ਮੰਤਰੀ ਆਸ਼ੂ ਦੀ ਗ੍ਰਿਫ਼ਤਾਰੀ ਮਗਰੋਂ ਵਿਜੀਲੈਂਸ ਰੇਂਜ ਦਫ਼ਤਰ ਦੇ ਬਾਹਰ ਚੱਲ ਰਹੇ ਪ੍ਰਦਰਸ਼ਨ ਨੂੰ ਹਟਾਉਣ ਦੀ ਵੀ ਮੰਗ ਕੀਤੀ ਸੀ। ਗੁਰਪ੍ਰੀਤ ਸਿੰਘ ਨੇ ਦੂਸਰੇ ਠੇਕੇਦਾਰਾਂ ਦੇ ਨਾਲ ਡੀਸੀ ਸੁਰਭੀ ਮਲਿਕ ਨੂੰ ਸ਼ਿਕਾਇਤ ਦਿੱਤੀ ਅਤੇ ਕੌਂਸਲਰ ਅਤੇ ਆਸ਼ੂ ਦੇ ਨਜ਼ਦੀਕੀ ਸੰਨੀ ਭੱਲਾ ਨਾਲ ਹੋਈ ਤਕਰਾਰ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ। ਠੇਕੇਦਾਰ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਸ਼ਿਕਾਇਤ ਤੋਂ ਬਾਅਦ ਵਿਜੀਲੈਂਸ ਰੇਂਜ ਦਫ਼ਤਰ ਦੇ ਵੱਲੋਂ 16 ਅਗਸਤ ਨੂੰ ਅਪਰਾਧਕ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਵਿਜੀਲੈਂਸ ਨੇ 22 ਅਗਸਤ ਨੂੰ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਇਸੇ ਦਿਨ ਤੋਂ ਕਾਂਗਰਸੀਆਂ ਨੇ ਜ਼ਿਲ੍ਹਾ ਪਰਿਸ਼ਦ ਬਿਲਡਿੰਗ ਦੇ ਪਾਰਕ ’ਚ ਧਰਨਾ ਸ਼ੁਰੂ ਕਰ ਦਿੱਤਾ। ਠੇਕੇਦਾਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਵੀ ਲਗਾਤਾਰ ਵਿਜੀਲੈਂਸ ਦਫ਼ਤਰ ਆ ਰਹੇ ਹਨ। ਕਾਂਗਰਸੀਆਂ ਵੱਲੋਂ ਵਿਜੀਲੈਂਸ ਜਾਂਚ ਨੂੰ ਪ੍ਰਭਾਵਿਤ ਕਰਨ ਤੇ ਉਨ੍ਹਾਂ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ 25 ਅਗਸਤ ਨੂੰ ਸੰਨੀ ਭੱਲਾ ਨੇ ਉਸ ਨੂੰ ਧਮਕੀਆਂ ਦਿੱਤੀਆਂ ਸਨ। ਇਸ ਤੋਂ ਬਾਅਦ ਜਦੋਂ ਉਸ ਨੇ ਉਸ (ਕੌਂਸਲ ਸੰਨੀ) ਨਾਲ ਗੱਲ ਕਰਨੀ ਚਾਹੀ ਤਾਂ ਉਸਨੂੰ ਗਾਲ੍ਹਾਂ ਕੱਢ ਕੇ ਡਰਾਉਣ ਦੀ ਕੋਸ਼ਿਸ਼ ਕੀਤੀ ਗਈ। ਠੇਕੇਦਾਰ ਨੇ ਇਸ ਮਾਮਲੇ ਦੀ ਜਾਂਚ ਦੇ ਨਾਲ ਨਾਲ ਧਰਨਾ ਚੁਕਵਾਉਣ ਲਈ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੂੰ ਕੋਲ ਪਹੁੰਚ ਕੀਤੀ ਹੈ।