ਗਗਨਦੀਪ ਅਰੋੜਾ
ਲੁਧਿਆਣਾ, 24 ਜੂਨ
ਸਸਤੇ ਮਾਲ ਲਈ ਮਸ਼ਹੂਰ ਚੀਨ ਨੂੰ ਮਾਤ ਦਿੰਦਿਆਂ ਲੁਧਿਆਣਾ ਦੇ ਸਨਅਤਕਾਰ ਨੇ ਕਰੋਨਾ ਦੌਰਾਨ ਡਿਸਕ ਬ੍ਰੇਕ ਦਾ ਨਵਾਂ ਪਲਾਂਟ ਲਗਾ ਦਿੱਤਾ। ਕਰੋਨਾ ਕਾਰਨ ਚੀਨ ਤੋਂ ਆਉਣ ਵਾਲੇ ਸਾਮਾਨ ਦੀ ਦਿੱਕਤ ਮਗਰੋਂ ਲੁਧਿਆਣਾ ਦੇ ਵੱਡੇ ਸਾਈਕਲ ਸਨਅਤਕਾਰ ਚਰਨਜੀਤ ਸਿੰਘ ਵਿਸ਼ਵਕਰਮਾ ਨੇ ਇੱਥੇ ਡਿਸਕ ਬ੍ਰੇਕਾਂ ਸਣੇ ਸਾਈਕਲ ਦੇ ਕਈ ਹੋਰ ਹਿੱਸੇ ਬਣਾਉਣ ਦਾ ਪਲਾਂਟ ਲਗਾ ਦਿੱਤਾ ਹੈ, ਜੋ ਕਿ ਪਹਿਲਾਂ ਚੀਨ ਤੋਂ ਆਉਂਦੇ ਸਨ।
ਚਰਨਜੀਤ ਸਿੰਘ ਵਿਸ਼ਵਕਰਮਾ ਨੇ ਦੱਸਿਆ ਕਿ ਸਿਹਤ ਸੰਭਾਲ ਦੇ ਮੱਦੇਨਜ਼ਰ ਸਾਈਕਲ ਦੀ ਵਿਕਰੀ ਵੀ ਤੇਜ਼ੀ ਨਾਲ ਵਧੀ ਹੈ। ਕਰੋਨਾ ਦੌਰਾਨ ਚੀਨ ਤੋਂ ਦਰਾਮਦ ਬੰਦ ਹੋਣ ਕਾਰਨ ਉਨ੍ਹਾਂ ਨੇ ਲੁਧਿਆਣਾ ਵਿੱਚ ਹੀ ਡਿਸਕ ਬ੍ਰੇਕ ਕਿੱਟ ਬਣਾਉਣੀ ਸ਼ੁਰੂ ਕਰ ਦਿੱਤੀ। ਵਿਸ਼ਵਕਰਮਾ ਗਰੁੱਪ ਆਫ ਇੰਡਸਟਰੀ ਨੇ ਮਨ ਬਣਾ ਲਿਆ ਹੈ ਕਿ ਹੁਣ ਚੀਨ ਤੋਂ ਸਾਮਾਨ ਨਹੀਂ ਮੰਗਵਾਇਆ ਜਾਵੇਗਾ ਅਤੇ ਬਾਜ਼ਾਰ ਦੀ ਮੰਗ ਅਨੁਸਾਰ ਉਹ ਖ਼ੁਦ ਹੀ ਸਾਮਾਨ ਤਿਆਰ ਕਰਨਗੇ। ਇਸ ਲਈ ਉਨ੍ਹਾਂ ਨੇ ਤਾਇਵਾਨ ਤੋਂ ਮਸ਼ੀਨਾਂ ਮੰਗਵਾ ਕੇ ਇੱਕ ਨਵਾਂ ਪਲਾਂਟ ਲਗਾਉਂਦਿਆਂ ਕੰਮ ਸ਼ੁਰੂ ਕਰ ਦਿੱਤਾ ਹੈ। ਦੇਸ਼ ਵਿੱਚ ਕੁਝ ਯੂਨਿਟ ਹੀ ਹਨ, ਜੋ ਸਾਈਕਲ ਦੀ ਡਿਸਕ ਬ੍ਰੇਕ ਕਿੱਟ ਤਿਆਰ ਕਰਦੇ ਹਨ। ਵਿਸ਼ਵਕਰਮਾ ਗਰੁੱਪ ਨੇ ਨਾ ਸਿਰਫ਼ ਇੱਕ ਹਿੱਸੇ, ਬਲਕਿ ਆਧੁਨਿਕ ਤਕਨੀਕ ਦੀ ਵਰਤੋਂ ਲਈ ਪੂਰੀ ਡਿਸਕ ਬ੍ਰੇਕ ਕਿੱਟ ਬਣਾਉਣੀ ਸ਼ੁਰੂ ਕਰ ਦਿੱਤੀ ਹੈ, ਜਿਸ ਵਿੱਚ ਡਿਸਕ ਰੋਟਰ, ਡਿਸਕ ਮਸ਼ੀਨ, ਕੇਬਲ, ਮੈਗਾ ਹੱਬ ਤੇ ਡਿਸਕ ਬ੍ਰੇਕ ਸ਼ਾਮਲ ਹੈ।