ਪੱਤਰ ਪ੍ਰੇਰਕ
ਚੰਡੀਗੜ੍ਹ, 19 ਮਈ
ਡੈਮੋਕਰੈਟਿਕ ਟੀਚਰਜ਼ ਫਰੰਟ ਵੱਲੋਂ ਲੰਘੀ 10 ਮਈ ਨੂੰ ਲੁਧਿਆਣਾ ਵਿੱਚ ਮੁੱਖ ਮੰਤਰੀ ਨਾਲ ਸਕੂਲ ਮੁਖੀਆਂ ਦੀ ਹੋਈ ਮੀਟਿੰਗ ਦੌਰਾਨ ਮਚੀ ਅਫਰਾ-ਤਫ਼ਰੀ ਲਈ ਕਸੂਰਵਾਰ ਠਹਿਰਾਏ ਸਕੂਲ ਮੁਖੀਆਂ ਨੂੰ ਸਿੱਖਿਆ ਵਿਭਾਗ ਵੱਲੋਂ ਪੱਤਰ ਜਾਰੀ ਕਰਕੇ ਮੁੱਖ ਦਫ਼ਤਰ ਸੱਦੇ ਜਾਣ ਦੀ ਨਿਖੇਧੀ ਕੀਤੀ ਗਈ ਹੈ। ਫਰੰਟ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਸਕੂਲ ਮੁਖੀਆਂ ’ਤੇ ਅਨੁਸ਼ਾਸਨਹੀਣਤਾ ਦਾ ਦੋਸ਼ ਲਗਾਉਣ ਨੂੰ ਮੰਦਭਾਗਾ ਤੇ ਗ਼ੈਰਵਾਜਬ ਦੱਸਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਬਦਇੰਤਜ਼ਾਮੀ ਲਈ ਪ੍ਰੋਗਰਾਮ ਦੇ ਪ੍ਰਬੰਧਕ ਜ਼ਿੰਮੇਵਾਰ ਸਨ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਪਹੁੰਚਣ ਲਈ ਵੱਡੀ ਗਿਣਤੀ ਸਕੂਲ ਮੁਖੀ ਸਵੇਰੇ ਪੰਜ ਵਜੇ ਦੇ ਘਰੋਂ ਤੁਰੇ ਹੋਏ ਸਨ। ਇਸ ਦੇ ਬਾਵਜੂਦ ਨਾ ਉਨ੍ਹਾਂ ਨੂੰ ਹਾਲ ਵਿੱਚ ਪਾਣੀ ਮੁਹੱਈਆ ਕਰਵਾਇਆ ਗਿਆ ਤੇ ਨਾ ਹੀ ਹਾਜ਼ਰ ਸਕੂਲ ਮੁਖੀਆਂ ਦੀ ਗਿਣਤੀ ਅਨੁਸਾਰ ਢੁਕਵਾਂ ਖਾਣੇ ਦਾ ਪ੍ਰਬੰਧ ਕੀਤਾ ਗਿਆ, ਜਿਸ ਕਾਰਨ ਇਹ ਅਫ਼ਰਾ-ਤਫ਼ਰੀ ਮਚੀ। ਉਨ੍ਹਾਂ ਕਿਹਾ ਕਿ ਫਰੰਟ ਵੱਲੋਂ ਪਹਿਲਾਂ ਹੀ ਇਸ ਮੀਟਿੰਗ ਲਈ ਇੰਨੀ ਵੱਡੀ ਗਿਣਤੀ ਵਿੱਚ ਸੱਦੇ ਦੇਣ ਨੂੰ ਗ਼ੈਰ-ਵਾਜਬ ਤੇ ਬੇਲੋੜੀ ਪ੍ਰਕਿਰਿਆ ਕਰਾਰ ਦਿੰਦਿਆਂ, ਪੰਜਾਬ ਸਰਕਾਰ ਨੂੰ ਸਕੂਲ ਮੁਖੀਆਂ ਦੀ ਸੁਭਾਵਕ ਖੱਜਲ-ਖੁਆਰੀ ਤੋਂ ਸੁਚੇਤ ਕੀਤਾ ਸੀ। ਇਸ ਮੌਕੇ ਫਰੰਟ ਗੁਰਪਿਆਰ ਕੋਟਲੀ, ਰਾਜੀਵ ਕੁਮਾਰ ਬਰਨਾਲਾ, ਜਗਪਾਲ ਸਿੰਘ ਬੰਗੀਨੇ ਸਕੂਲ ਸਿੱਖਿਆ ਵਿਭਾਗ ਤੋਂ ਸਕੂਲ ਮੁਖੀਆਂ ਨੂੰ ਮੁੱਖ ਦਫ਼ਤਰ ’ਚ ਸੱਦਣ ਦਾ ਪੱਤਰ ਵਾਪਸ ਲੈਣ ਤੇ ਉਨ੍ਹਾਂ ਨੂੰ ਮੁੜ ਖੱਜਲ-ਖੁਆਰੀ ਤੋਂ ਬਚਾਉਣ ਦੀ ਮੰਗ ਕੀਤੀ ਹੈ।