ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 21 ਮਈ
ਲੁਧਿਆਣਾ ਅਦਾਲਤੀ ਬੰਬ ਧਮਾਕੇ ਸਬੰਧੀ ਗ੍ਰਿਫਤਾਰ ਮੁਲਜ਼ਮਾਂ ਕੋਲੋਂ ਕੀਤੀ ਗਈ ਪੁੱਛ-ਪੜਤਾਲ ਦੌਰਾਨ ਖੁਲਾਸਾ ਹੋਇਆ ਹੈ ਕਿ ਪਾਕਿਸਤਾਨ ਤੋਂ ਛੇ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਤਸਕਰੀ ਰਾਹੀਂ ਇੱਥੇ ਪੁੱਜੇ ਸਨ, ਜਿਨ੍ਹਾਂ ’ਚੋਂ ਦੋ ਦੀ ਬਰਾਮਦਗੀ ਹਾਲੇ ਬਾਕੀ ਹੈ।
ਪੁਲੀਸ ਦੇ ਐੱਸਟੀਐੱਫ ਵਿੰਗ ਨੇ ਇਸ ਧਮਾਕੇ ਸਬੰਧੀ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਨੂੰ ਦੋ ਦਿਨ ਦੇ ਰਿਮਾਂਡ ’ਤੇ ਲੈ ਕੇ ਪੁਲੀਸ ਵੱਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਐੱਸਟੀਐੱਫ ਦੇ ਉਚ ਪੱਧਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਾਕਿਸਤਾਨ ਤੋਂ ਛੇ ਆਈਈਡੀ ਇੱਥੇ ਤਸਕਰੀ ਰਾਹੀਂ ਪੁੱਜੇ ਸਨ। ਇਨ੍ਹਾਂ ’ਚੋਂ ਤਿੰਨ ਐੱਸਟੀਐੱਫ ਨੇ ਜਨਵਰੀ ਅਤੇ ਫਰਵਰੀ ਵਿੱਚ ਬਰਾਮਦ ਕਰ ਲਏ ਸਨ ਅਤੇ ਇੱਕ ਆਈਈਡੀ ਉਪਕਰਨ ਲੁਧਿਆਣਾ ਬੰਬ ਧਮਾਕੇ ਵਿੱਚ ਵਰਤਿਆ ਗਿਆ ਹੈ। ਫਿਲਹਾਲ ਦੋ ਆਈਈਡੀ ਉਪਕਰਨ ਲੁਕਾ ਕੇ ਰੱਖੇ ਗਏ ਹਨ ਅਤੇ ਇਹ ਬਰਾਮਦ ਕਰਨ ਲਈ ਐੱਸਟੀਐੱਫ ਵੱਲੋਂ ਛਾਪੇ ਮਾਰੇ ਜਾ ਰਹੇ ਹਨ। ਇਸ ਮਾਮਲੇ ਵਿਚ ਐੱਸਟੀਐੱਫ ਵੱਲੋਂ ਸਰਮੁਖ ਸਿੰਘ, ਦਿਲਬਾਗ ਸਿੰਘ, ਸਵਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਦਾ ਪੰਜਵਾਂ ਸਾਥੀ ਇੱਕ ਨਾਬਾਲਗ ਲੜਕਾ ਹੈ, ਜਿਸ ਨੂੰ ਮੋਬਾਈਲ ਅਤੇ ਇੰਟਰਨੈਟ ਦੀ ਵਰਤੋਂ ਵਾਸਤੇ ਹੀ ਵਰਤਿਆ ਜਾਂਦਾ ਸੀ। ਇਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਐੱਨਆਈਏ ਦੀ ਟੀਮ ਅੱਜ ਇੱਥੇ ਇਨ੍ਹਾਂ ਕੋਲੋਂ ਪੁੱਛ-ਪੜਤਾਲ ਲਈ ਪੁੱਜੀ ਹੈ। ਦੱਸਣਯੋਗ ਹੈ ਕਿ ਲੁਧਿਆਣਾ ਬੰਬ ਧਮਾਕੇ ਦੀ ਜਾਂਚ ਹੁਣ ਐੱਨਆਈਏ ਵੱਲੋਂ ਕੀਤੀ ਜਾ ਰਹੀ ਹੈ।