ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਇੱਥੋਂ ਦੇ ਅਦਾਲਤੀ ਕੰਪਲੈਕਸ ’ਚ ਦਸੰਬਰ ਮਹੀਨੇ ਹੋਏ ਬੰਬ ਧਮਾਕੇ ਦੇ ਮਾਮਲੇ ਦੀ ਜਾਂਚ ਕਰ ਰਹੀ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਸੂਚਨਾ ਦੇਣ ਵਾਲੇ ਵਿਅਕਤੀ ਨੂੰ ਪੰਜ ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ। ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ। ਇਸ ਕਾਰਜ ਲਈ ਐੱਨਆਈਏ ਨੇ ਵਟਸਐਪ ਨੰਬਰ ਦੇ ਨਾਲ ਦਿੱਲੀ ਤੇ ਚੰਡੀਗੜ੍ਹ ਦਫ਼ਤਰ ਦੇ ਨੰਬਰ ਵੀ ਜਾਰੀ ਕੀਤੇ ਹਨ। ਜ਼ਿਕਰਯੋਗ ਹੈ ਕਿ ਦਸੰਬਰ ਮਹੀਨੇ ਕਚਹਿਰੀ ਕੰਪਲੈਕਸ ’ਚ ਧਮਾਕਾ ਹੋਣ ਮਗਰੋਂ ਦੇਸ਼ ਦੀਆਂ ਵੱਖ-ਵੱਖ ਏਜੰਸੀਆਂ ਨੇ ਇਸ ਮਾਮਲੇ ਦੀ ਜਾਂਚ ਕੀਤੀ, ਜਿਸ ਤੋਂ ਪਤਾ ਲੱਗਿਆ ਕਿ ਇਸ ਘਟਨਾ ਨੂੰ ਪੰਜਾਬ ਪੁਲੀਸ ਦੇ ਮੁਲਾਜ਼ਮ ਨੇ ਹੀ ਅੰਜਾਮ ਦਿੱਤਾ ਸੀ ਅਤੇ ਉਹ ਖੁਦ ਵੀ ਇਸ ਹਾਦਸੇ ਵਿੱਚ ਮਾਰਿਆ ਗਿਆ ਸੀ। ਇਸ ਮਗਰੋਂ ਐੱਨਆਈਏ ਦੀ ਟੀਮ ਨੇ ਉਸ ਮੁਲਜ਼ਮ ਦੇ ਘਰ ਜਾਂਚ ਕੀਤੀ ਤੇ ਉਸ ਦੇ ਪਰਿਵਾਰ ਸਮੇਤ ਕਈ ਸਾਥੀਆਂ ਨੂੰ ਵੀ ਪੁੱਛ-ਪੜਤਾਲ ਲਈ ਹਿਰਾਸਤ ’ਚ ਲਿਆ ਸੀ। ਘਟਨਾ ਦੇ ਚਾਰ ਮਹੀਨੇ ਬਾਅਦ ਐੱਨਆਈਏ ਨੇ ਮਾਮਲਾ ਸੁਲਝਾਉਣ ਲਈ ਅੱਜ ਨਵਾਂ ਐਲਾਨ ਕੀਤਾ ਹੈ। ਏਜੰਸੀ ਨੇ ਨੰਬਰ ਜਾਰੀ ਕਰਦਿਆਂ ਆਖਿਆ ਕਿ ਇਸ ਮਾਮਲੇ ਸਬੰਧੀ ਜੇ ਕਿਸੇ ਵਿਅਕਤੀ ਕੋਲ ਕੋਈ ਜਾਣਕਾਰੀ ਹੈ ਤਾਂ ਕਿ ਉਹ ਐੱਨਆਈਏ ਨੂੰ ਦੇ ਸਕਦਾ ਹੈ। ਜੇ ਇਹ ਸੂਚਨਾ ਸਹੀ ਨਿਕਲਦੀ ਹੈ ਤਾਂ ਉਸ ਨੂੰ ਪੰਜ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।