ਗਗਨਦੀਪ ਅਰੋੜਾ
ਲੁਧਿਆਣਾ, 6 ਸਤੰਬਰ
ਇਥੇ ਅਦਾਲਤੀ ਕੰਪਲੈਕਸ ’ਚ ਹੋਏ ਧਮਾਕੇ ਦੇ ਮਾਮਲੇ ਵਿੱਚ ਨਾਮਜ਼ਦ ਮਲੇਸ਼ੀਆ ਵਾਸੀ ਹਰਪ੍ਰੀਤ ਸਿੰਘ ਹੈਪੀ ਨੂੰ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਭਗੌੜਾ ਐਲਾਨ ਦਿੱਤਾ ਹੈ। ਐੱਨਆਈਏ ਵੱਲੋਂ ਮੁਲਜ਼ਮ ਹੈਪੀ ਦੇ ਸਿਰ ’ਤੇ 10 ਲੱਖ ਦਾ ਇਨਾਮ ਵੀ ਰੱਖਿਆ ਗਿਆ ਹੈ। ਅਦਾਲਤੀ ਕੰਪਲੈਕਸ ਦੇ ਪਖਾਨੇ ਵਿੱਚ ਬੰਬ ਲਾਉਣ ਵਾਲੇ ਮੁਲਜ਼ਮ ਨੇ ਆਖ਼ਰੀ ਫੋਨ ਹੈਪੀ ਨੂੰ ਕੀਤਾ ਸੀ। ਮਲੇਸ਼ੀਆ ਵਾਸੀ ਹੈਪੀ ਹਾਲੇ ਐੱਨਆਈਏ ਦੀ ਟੀਮ ਦੀ ਗ੍ਰਿਫ਼ਤ ’ਚੋਂ ਬਾਹਰ ਹੈ। ਹੁਣ ਐੱਨਆਈਏ ਨੇ ਉਸ ਖਿਲ਼ਾਫ਼ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐਨਆਈਏ ਵੱਲੋਂ ਹੈਪੀ ਦੇ ਪੋਸਟਰ ਕਈ ਜਨਤਕ ਥਾਵਾਂ ’ਤੇ ਲਗਾ ਦਿੱਤੇ ਗਏ ਹਨ, ਜਿਨ੍ਹਾਂ ਵਿੱਚ ਐਨਆਈਏ ਦਾ ਦਫ਼ਤਰੀ ਤੇ ਵੱਟਸਐਪ ਨੰਬਰ ਦਿੱਤਾ ਗਿਆ ਹੈ। ਇਸ ਵਿੱਚ ਆਖਿਆ ਗਿਆ ਹੈ ਕਿ ਜੇ ਕੋਈ ਮੁਲਜ਼ਮ ਬਾਰੇ ਸੂਚਨਾ ਦਿੰਦਾ ਹੈ ਤਾਂ ਉਸ ਦਾ ਨਾਮ ਗੁਪਤ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਐਨਆਈਏ ਵੱਲੋਂ ਇਸ ਸਬੰਧੀ ਅਖ਼ਬਾਰਾਂ ’ਚ ਇਸ਼ਤਿਹਾਰ ਵੀ ਦਿੱਤੇ ਜਾ ਰਹੇ ਹਨ ਤਾਂ ਕਿ ਮੁਲਜ਼ਮ ਬਾਰੇ ਠੋਸ ਜਾਣਕਾਰੀ ਮਿਲ ਸਕੇ। ਇਸ ਮਾਮਲੇ ਦੇ ਤਾਰ ਪਾਕਿਸਤਾਨ ਨਾਲ ਜੋੜੇ ਜਾ ਰਹੇ ਸਨ। ਮੁਲਜ਼ਮ ਹਰਪ੍ਰੀਤ ਸਿੰਘ ਹੈਪੀ, ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਮਿਆਦੀ ਕਲਾਂ ਦਾ ਵਾਸੀ ਹੈ। ਉਹ ਕਾਫ਼ੀ ਸਮਾਂ ਪਹਿਲਾਂ ਮਲੇਸ਼ੀਆ ਚਲਾ ਗਿਆ ਸੀ। ਸੂਤਰਾਂ ਅਨੁਸਾਰ ਬੰਬ ਧਮਾਕੇ ਦੀ ਜਾਂਚ ਦੌਰਾਨ ਐੱਨਆਈਏ ਨੂੰ ਪਤਾ ਲੱਗਿਆ ਸੀ ਕਿ ਅਦਾਲਤੀ ਕੰਪਲੈਕਸ ’ਚ ਬੰਬ ਲਾਉਣ ਵਾਲੇ ਮੁਲਜ਼ਮ ਨੇ ਆਖ਼ਰੀ ਫੋਨ ਹੈਪੀ ਨੂੰ ਕੀਤਾ ਸੀ। ਐੱਨਆਈਏ ਨੂੰ ਸ਼ੱਕ ਹੈ ਕਿ ਆਈਈਡੀ ਧਮਾਕੇ ’ਚ ਹੈਪੀ ਦਾ ਵੱਡਾ ਹੱਥ ਹੈ।
ਜ਼ਿਕਰਯੋਗ ਹੈ ਕਿ 23 ਦਸੰਬਰ ਦੀ ਦੁਪਹਿਰ ਨੂੰ ਅਦਾਲਤੀ ਕੰਪਲੈਕਸ ਦੀ ਪਹਿਲੀ ਮੰਜ਼ਿਲ ’ਤੇ ਬਣੇ ਪਖਾਨੇ ਵਿੱਚ ਧਮਾਕਾ ਹੋਇਆ ਸੀ। ਧਮਾਕੇ ’ਚ ਬੰਬ ਲਾਉਣ ਵਾਲੇ ਮੁਲਜ਼ਮ ਦੀ ਮੌਤ ਹੋ ਗਈ ਸੀ ਅਤੇ ਪੰਜ ਜਣੇ ਹੋਰ ਜ਼ਖ਼ਮੀ ਹੋ ਗਏ ਸਨ। ਪੜਤਾਲ ਦੌਰਾਨ ਖ਼ੁਲਾਸਾ ਹੋਇਆ ਸੀ ਕਿ ਬੰਬ ਲਾਉਣ ਵਾਲਾ ਪੰਜਾਬ ਪੁਲੀਸ ਦਾ ਮੁਅੱਤਲ ਕਾਂਸਟੇਬਲ ਗਗਨਦੀਪ ਸਿੰਘ ਸੀ, ਜੋ ਖੰਨਾ ਦਾ ਵਸਨੀਕ ਸੀ। ਇਹ ਵੀ ਪਤਾ ਲੱਗਿਆ ਕਿ ਬੰਬ ਧਮਾਕੇ ’ਚ ਆਈਈਡੀ ਦੀ ਵਰਤੋਂ ਕੀਤੀ ਗਈ ਸੀ। ਪਹਿਲਾਂ ਇਸ ਮਾਮਲੇ ’ਚ ਥਾਣਾ ਡਿਵੀਜ਼ਨ ਨੰਬਰ-5 ਦੀ ਪੁਲੀਸ ਨੇ ਐਫਆਈਆਰ ਦਰਜ ਕੀਤੀ ਸੀ, ਪਰ ਬਾਅਦ ’ਚ ਐਨਆਈਏ ਨੇ ਇਸ ਮਾਮਲੇ ਦੀ ਜਾਂਚ ਆਪਣੇ ਅਧੀਨ ਲੈ ਕੇ ਵੱਖਰੀ ਐਫ਼ਆਈਆਰ ਦਰਜ ਕੀਤੀ ਸੀ।