ਜਸਬੀਰ ਸਿੰਘ ਚਾਨਾ
ਫਗਵਾੜਾ, 21 ਸਤੰਬਰ
ਇੱਥੋਂ ਨੇੜਲੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲਪੀਯੂ) ਦੇ ਕੇਰਲਾ ਨਾਲ ਸਬੰਧਤ ਬੀਟੈੱਕ ਦੇ ਇਕ ਵਿਦਿਆਰਥੀ ਨੇ ਮੰਗਲਵਾਰ ਰਾਤ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਖ਼ੁਦਕੁਸ਼ੀ ਬਾਰੇ ਪਤਾ ਲੱਗਣ ਤੋਂ ਬਾਅਦ ਵਿਦਿਆਰਥੀਆਂ ਨੇ ਪ੍ਰਾਈਵੇਟ ਯੂਨੀਵਰਸਿਟੀ ਵਿਚ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਪੁਲੀਸ ਨੂੰ ਮਿਲੇ ਖ਼ੁਦਕੁਸ਼ੀ ਨੋਟ ਦੇ ਅਧਾਰ ’ਤੇ ਕਾਲੀਕਟ (ਕੇਰਲਾ) ਦੇ ਪ੍ਰੋਫ਼ੈਸਰ ਖਿਲਾਫ਼ ਧਾਰਾ 306 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਵੇਰਵਿਆਂ ਮੁਤਾਬਕ ਵਿਦਿਆਰਥੀ ਅਗਨੀ ਐੱਸ. ਦਿਲੀਪ ਜੋ ਕਿ ਬੀ.ਟੈੱਕ ਦੇ ਪਹਿਲੇ ਸਮੈਸਟਰ ਦਾ ਵਿਦਿਆਰਥੀ ਸੀ, ਮੰਗਲਵਾਰ ਸ਼ਾਮ ਕਮਰੇ ’ਚ ਇਕੱਲਾ ਸੀ। ਉਸ ਦੇ ਨਾਲ ਰਹਿੰਦਾ ਸਾਥੀ ਜਦੋਂ ਕਮਰੇ ਵਿਚ ਆਇਆ ਤਾਂ ਉਸ ਦੀ ਲਾਸ਼ ਅੰਦਰ ਲਟਕ ਰਹੀ ਸੀ। ਯੂਨੀਵਰਸਿਟੀ ਪ੍ਰਬੰਧਕਾਂ ਨੂੰ ਸੂਚਿਤ ਕਰਨ ਤੋਂ ਬਾਅਦ ਵਿਦਿਆਰਥੀ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸੇ ਦੌਰਾਨ ਯੂਨੀਵਰਸਿਟੀ ਦੇ ਅੰਦਰ ਕੁੱਝ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਤੇ ਪੁਲੀਸ ਨੂੰ ਤਾਇਨਾਤ ਕੀਤਾ ਗਿਆ। ਡੀਆਈਜੀ (ਜਲੰਧਰ ਰੇਂਜ) ਐੱਸ. ਭੂਪਤੀ, ਐੱਸ.ਐੱਸ.ਪੀ. ਨਵਨੀਤ ਸਿੰਘ ਬੈਂਸ ਤੇ ਹੋਰਾਂ ਨੇ ਮੌਕੇ ’ਤੇ ਪੁੱਜ ਤੇ ਮਾਹੌਲ ਸ਼ਾਂਤ ਕਰਵਾਇਆ। ਅੱਜ ਦੁਪਹਿਰ ਬਾਅਦ ਮ੍ਰਿਤਕ ਦੇ ਪਿਤਾ ਦਲੀਪ ਕੁਮਾਰ ਦੇ ਕੇਰਲਾ ਤੋਂ ਇੱਥੇ ਪੁੱਜਣ ’ਤੇ ਪੁਲੀਸ ਵੱਲੋਂ ਉਨ੍ਹਾਂ ਤੋਂ ਸੁਸਾਇਡ ਨੋਟ ਦੀ ਸ਼ਨਾਖਤ ਕਰਵਾਈ ਗਈ। ਉਨ੍ਹਾਂ ਨੋਟ ’ਤੇ ਲਿਖੀ ਲਿਖਾਈ ਨੂੰ ਆਪਣੇ ਪੁੱਤਰ ਦੀ ਲਿਖਾਈ ਦੱਸਿਆ। ਬੁੱਧਵਾਰ ਸ਼ਾਮ ਏਡੀਜੀਪੀ ਅਰਪਿਤ ਸ਼ੁਕਲਾ ਨੇ ਮੀਡੀਆ ਨੂੰ ਦੱਸਿਆ ਕਿ ਮ੍ਰਿਤਕ ਨੌਜਵਾਨ ਐੱਨਆਈਟੀ ਕਾਲੀਕਟ ਦਾ ਵਿਦਿਆਰਥੀ ਸੀ। ਉਸ ਨੇ ਖ਼ੁਦਕੁਸ਼ੀ ਨੋਟ ਵਿਚ ਉੱਥੋਂ ਦੇ ਪ੍ਰੋਫ਼ੈਸਰ ਪ੍ਰਸਾਦ ਕ੍ਰਿਸ਼ਨਾ ’ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ। ਕੁੱਝ ਸਮਾਂ ਪਹਿਲਾਂ ਹੀ ਉਸ ਨੇ ਐਲਪੀਯੂ ਵਿਚ ਦਾਖ਼ਲਾ ਲਿਆ ਸੀ।
ਮ੍ਰਿਤਕ ਦੇ ਪਿਤਾ ਵੱਲੋਂ ਦਿੱਤੇ ਬਿਆਨਾਂ ਦੇ ਅਧਾਰ ’ਤੇ ਪੁਲੀਸ ਨੇ ਪ੍ਰੋਫ਼ੈਸਰ ਖਿਲਾਫ਼ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਲਈ ਇੱਕ ‘ਸਿਟ’ ਵੀ ਕਾਇਮ ਕਰ ਦਿੱਤੀ ਗਈ ਹੈ। ਪੁਲੀਸ ਨੇ ਕਿਹਾ ਕਿ ਮ੍ਰਿਤਕ ਕੋਲੋਂ ਤਿੰਨ ਸੁਸਾਇਡ ਨੋਟ ਮਿਲੇ ਹਨ ਤੇ ਪੁਲੀਸ ਇਨ੍ਹਾਂ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਉਸ ਵੱਲੋਂ ਮੰਗਲਵਾਰ ਉਨ੍ਹਾਂ ਨਾਲ ਦੁਪਹਿਰੇ ਆਖਰੀ ਵਾਰ ਗੱਲਬਾਤ ਕੀਤੀ ਗਈ ਸੀ ਤੇ ਉਸ ਨੇ ਕਿਸੇ ਵੀ ਅਜਿਹੀ ਪ੍ਰੇਸ਼ਾਨੀ ਦਾ ਜ਼ਿਕਰ ਨਹੀਂ ਕੀਤਾ ਸੀ। ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਉਸ (ਵਿਦਿਆਰਥੀ) ਦੇ ਐੱਨਆਈਟੀ ਵਿਚ ਕੁਝ ਪੇਪਰ ਰਹਿੰਦੇ ਸਨ, ਜਿਨ੍ਹਾਂ ਨੂੰ ਦੁਬਾਰਾ ਦੇਣ ਵਿਚ ਪ੍ਰੋਫ਼ੈਸਰ ਅੜਿੱਕਾ ਪਾ ਰਿਹਾ ਸੀ।