ਗੁਰਦੀਪ ਸਿੰਘ ਲਾਲੀ
ਸੰਗਰੂਰ, 20 ਜੁਲਾਈ
ਐੱਨਆਈਏ ਚੰਡੀਗੜ੍ਹ ਵੱਲੋਂ ਜਾਂਚ ਲਈ ਸੱਦੇ ਸੰਗਰੂਰ ਦੇ ਪਿੰਡ ਰੱਤਾਖੇੜਾ ਦੇ ਨੌਜਵਾਨ ਲਵਪ੍ਰੀਤ ਸਿੰਘ ਦੀ ਸ਼ੱਕੀ ਹਾਲਤਾਂ ਵਿੱਚ ਹੋਈ ਖ਼ੁਦਕੁਸ਼ੀ ਬਾਰੇ ਜਿੱਥੇ ਮ੍ਰਿਤਕ ਦੇ ਮਾਪਿਆਂ ਨੇ ਆਪਣੇ ਪੁੱਤਰ ਨਾਲ ਕਾਫ਼ੀ ਤਸ਼ੱਦਦ ਹੋਣ ਅਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਦਾ ਖ਼ਦਸ਼ਾ ਜ਼ਾਹਰ ਕਰਦਿਆਂ ਜਿੱਥੇ ਇਸ ਮਾਮਲੇ ਦੀ ਜੁਡੀਸ਼ੀਅਲ ਜਾਂਚ ਕਰਾਉਣ ਦੀ ਮੰਗ ਕੀਤੀ, ਉੱਥੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੁਲੀਸ ਦੀ ਥਿਊਰੀ ’ਤੇ ਸ਼ੱਕ ਪ੍ਰਗਟ ਕਰਦਿਆਂ ਇਸਨੂੰ ਅਖੌਤੀ ਖਾਲਿਸਤਾਨ ਦੀ ਮੰਗ ਅਤੇ ਰੇਫਰੈਂਡਮ-2020 ਖ਼ਿਲਾਫ਼ ਲੜਾਈ ਦੇ ਬਹਾਨੇ ਪੰਜਾਬ ਦੇ ਗ਼ਰੀਬਾਂ ਉਪਰ ਕੀਤੇ ਜਾ ਰਹੇ ‘ਸਰਕਾਰੀ ਅਤਿਵਾਦ’ ਦਾ ਮਾਮਲਾ ਕਰਾਰ ਦਿੱਤਾ ਹੈ।
ਸ੍ਰੀ ਖਹਿਰਾ ਆਪਣੇ ਦੋ ਸਾਥੀ ਵਿਧਾਇਕਾਂ ਪਿਰਮਲ ਸਿੰਘ ਖ਼ਾਲਸਾ ਅਤੇ ਜਗਦੇਵ ਸਿੰਘ ਸਮੇਤ ਅੱਜ ਪਿੰਡ ਰੱਤਾਖੇੜਾ ਪੁੱਜੇ ਤੇ ਪੀੜਤ ਪਰਿਵਾਰ ਅਤੇ ਹੋਰ ਲੋਕਾਂ ਨੂੰ ਮਿਲੇ। ਇਸ ਮਗਰੋਂ ਉਨ੍ਹਾਂ ਮ੍ਰਿਤਕ ਦੇ ਮਾਤਾ-ਪਿਤਾ ਨੂੰ ਜ਼ਿਲ੍ਹਾ ਪੁਲੀਸ ਮੁਖੀ ਸੰਗਰੂਰ ਨਾਲ ਮਿਲਾਇਆ, ਜਿਸ ਦੌਰਾਨ ਪਰਿਵਾਰ ਨੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ। ਇਸ ਮੌਕੇ ਮ੍ਰਿਤਕ ਦੇ ਪਿਤਾ ਕੇਵਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੱਸਿਆ ਕਿ ਉਸ ਦਾ ਛੋਟਾ ਪੁੱਤਰ ਲਵਪ੍ਰੀਤ ਸਿੰਘ (22) ਪਿੰਡ ਸਹਿਜੜਾ, ਜ਼ਿਲ੍ਹਾ ਬਰਨਾਲਾ ਦੇ ਇੱਕ ਗੁਰਦੁਆਰਾ ਸਾਹਿਬ ’ਚ ਬਤੌਰ ਗ੍ਰੰਥੀ ਸੇਵਾ ਨਿਭਾਉਂਦਾ ਸੀ। ਉਹ 13 ਜੁਲਾਈ ਨੂੰ ਸਵੇਰੇ ਪੰਜ ਵਜੇ ਐੱਨਆਈਏ ਚੰਡੀਗੜ੍ਹ ਚਲਾ ਚਲਾ ਗਿਆ ਸੀ। ਬਾਅਦ ਵਿੱਚ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਸ ਦੇ ਪੁੱਤਰ ਨੇ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਦੇ ਇੱਕ ਕਮਰੇ ਵਿੱਚ ਖ਼ੁਦਕੁਸ਼ੀ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦਾ ਇੱਕ ਖ਼ੁਦਕੁਸ਼ੀ ਨੋਟ ਵੀ ਮਿਲਿਆ ਸੀ, ਜਿਸ ਵਿੱਚ ਉਸ ਨੇ ਲਿਖਿਆ ਸੀ ਕਿ ‘ਮੈਂ ਆਪਣੀ ਮੌਤ ਲਈ ਖ਼ੁਦ ਜ਼ਿੰਮੇਵਾਰ ਹਾਂ ਅਤੇ ਮੇਰੀ ਮੌਤ ਤੋਂ ਬਾਅਦ ਮੇਰੇ ਪਰਿਵਾਰ ਨੂੰ ਤੰਗ-ਪ੍ਰੇਸ਼ਾਨ ਨਾ ਕੀਤਾ ਜਾਵੇ, ਨਾ ਹੀ ਦੋਸਤ-ਮਿੱਤਰ ਅਤੇ ਨਾ ਹੀ ਸਹੁਰੇ ਪਰਿਵਾਰ ਅਤੇ ਪਤਨੀ ਨੂੰ।’
ਮ੍ਰਿਤਕ ਦੇ ਪਿਤਾ ਨੇ ਭਰੇ ਮਨ ਨਾਲ ਕਿਹਾ ਕਿ ਪੁੱਤਰ ਦੀ ਮੌਤ ਮਗਰੋਂ ਉਹ ਹੋਸ਼-ਹਵਾਸ ਵਿੱਚ ਨਹੀਂ ਸਨ, ਪਰ ਉਨ੍ਹਾਂ ਦਾ ਮੰਨਣਾ ਹੈ ਕਿ ਚੰਡੀਗੜ੍ਹ ਵਿੱਚ ਐੱਨਆਈਏ ਦੀ ਜਾਂਚ ਦੌਰਾਨ ਅਧਿਕਾਰੀਆਂ ਨੇ ਉਸ ਦੇ ਪੁੱਤਰ ਨਾਲ ਕਾਫ਼ੀ ਤਸ਼ੱਦਦ ਕੀਤਾ ਅਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਤੇ ਦਬਾਅ ਹੇਠ ਆ ਕੇ ਉਸਨੇ ਖ਼ੁਦਕਸ਼ੀ ਕਰ ਲਈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਗੁਪਤ ਅੰਗਾਂ ’ਤੇ ਸੱਟ ਦੇ ਨਿਸ਼ਾਨ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਇੱਕ ਨਜ਼ਦੀਕੀ ਰਿਸ਼ਤੇਦਾਰ ਅੰਮ੍ਰਿਤਪਾਲ ਸਿੰਘ ਵਾਸੀ ਪਿੰਡ ਅਚਾਨਕ, ਮਾਨਸਾ ਖ਼ਿਲਾਫ਼ ਯੂਏਪੀਏ ਅਧੀਨ ਥਾਣਾ ਸਮਾਣਾ ਵਿੱਚ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਮੌਕੇ ਸ੍ਰੀ ਖਹਿਰਾ ਨੇ ਕਿਹਾ ਕਿ ਲਵਪ੍ਰੀਤ ਸਿੰਘ ਨੂੰ ਐੱਨਆਈਏ ਚੰਡੀਗੜ੍ਹ ਨੇ ਯੂਏਪੀਏ ਤਹਿਤ ਨੋਟਿਸ ਭੇਜ ਕੇ ਬੁਲਾਇਆ ਸੀ। ਸ੍ਰੀ ਖਹਿਰਾ ਨੇ ਕਿਹਾ ਕਿ ਪਰਿਵਾਰ ਅਨੁਸਾਰ ਲਵਪ੍ਰੀਤ ਦਾ ਪਿੰਡ ਵਿੱਚ ਰਾਤ ਕਰੀਬ ਸਾਢੇ ਨੌਂ ਵਜੇ ਸਸਕਾਰ ਕੀਤਾ ਗਿਆ ਅਤੇ ਉਸ ਸਮੇਂ ਪਿੰਡ ’ਚ ਵੱਡੀ ਗਿਣਤੀ ’ਚ ਪੁਲੀਸ ਤਾਇਨਾਤ ਸੀ ਜਿਸ ਤੋਂ ਵੀ ਸਵਾਲ ਖੜ੍ਹਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਨ ਯੂਏਪੀਏ ਦਾ ਵਿਰੋਧ ਕਰਦੀ ਹੈ ਪਰ ਕੈਪਟਨ ਅਮਰਿੰਦਰ ਸਿੰਘ ਇਸ ਨੂੰ ਪੰਜਾਬ ਵਿੱਚ ਲਾਗੂ ਕਰ ਰਹੇ ਹਨ। ਉਨ੍ਹਾਂ ਕਿਹਾ ਪਿਛਲੇ ਦਿਨਾਂ ਦੌਰਾਨ ਪੰਜਾਬ ਵਿੱਚ ਯੂਏਪੀਏ ਤਹਿਤ 16 ਐੱਫਆਈਆਰ ਦਰਜ ਕੀਤੀਆਂ ਗਈਆਂ ਹਨ ਜਿਸਦੀ ਉਹ ਘੋਖ ਕਰ ਚੁੱਕੇ ਹਨ ਅਤੇ ਜ਼ਿਆਦਾਤਰ ਨੌਜਵਾਨ ਦਲਿਤ ਪਰਿਵਾਰਾਂ ਨਾਲ ਸਬੰਧਤ ਹਨ। ਉਨ੍ਹਾਂ ਮੰਗ ਕੀਤੀ ਕਿ ਐੱਨਆਈਏ ਚੰਡੀਗੜ੍ਹ ਦਫ਼ਤਰ ਦੀ ਸੀਸੀਟੀਵੀ ਫੁਟੇਜ, ਲਵਪ੍ਰੀਤ ਦੇ ਫੋਨ ਕਾਲਾਂ ਦੀ ਰਿਕਾਰਡਿੰਗ ਅਤੇ ਪੂਰੇ ਮਾਮਲੇ ਦੀ ਜੁਡੀਸ਼ੀਅਲ ਜਾਂਚ ਹੋਵੇ ਅਤੇ ਪੀੜਤ ਪਰਿਵਾਰ ਨੂੰ 50 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ।