ਅਜੇ ਮਲਹੋਤਰਾ
ਫ਼ਤਹਿਗੜ੍ਹ ਸਾਹਿਬ, 15 ਮਈ
ਵਿਸ਼ਵ ਜਾਗ੍ਰਿਤੀ ਮਿਸ਼ਨ ਅਤੇ ਅਗਰਵਾਲ ਸਭਾ ਸਰਹਿੰਦ ਮੰਡੀ ਵੱਲੋਂ ਸਾਂਝੇ ਤੌਰ ’ਤੇ ਰਾਣਾ ਮੁਨਸ਼ੀ ਰਾਮ ਸਰਬਹਿੱਤਕਾਰੀ ਸਕੂਲ ਵਿੱਚ ਕਰੋਨਾ ਵੈਕਸੀਨੇਸ਼ਨ ਕੈਂਪ ਲਾਇਆ ਗਿਆ ਜਿਸ ਵਿੱਚ 250 ਦੇ ਕਰੀਬ ਵਿਅਕਤੀਆਂ ਨੂੰ ਕੋਵਿਡ ਵੈਕਸੀਨ ਲਾਈ ਗਈ। ਕੈਂਪ ਦੌਰਾਨ ਦਸ਼ਨਾਮੀ ਅਖਾੜਾ ਸਰਹਿੰਦ ਸ਼ਹਿਰ ਦੇ ਮਹਾਂਮੰਡਲੇਸ਼ਵ 1008 ਸਵਾਮੀ ਇਸ਼ਵਰਾਨੰਦ ਗਿਰੀ ਨੇ ਬਤੌਰ ਮੁੱਖ ਮਹਿਮਾਨ, ਫ਼ਤਹਿਗੜ੍ਹ ਸਾਹਿਬ ਦੇ ਸਿਵਲ ਸਰਜਨ ਡਾ.ਮਹਿੰਦਰ ਸਿੰਘ, ਜ਼ਿਲ੍ਹਾ ਟੀਕਾਕਰਨ ਅਫਸਰ ਡਾ.ਰਾਜੇਸ਼ ਕੁਮਾਰ, ਐੱਸਐੱਮਓ ਡਾ.ਕੁਲਦੀਪ ਸਿੰਘ ਅਤੇ ਲੱਗਾਲੀ ਆਸ਼ਰਮ ਸਰਹਿੰਦ ਤੋਂ ਸਵਾਮੀ ਨਿਰੰਜਨਾ ਨੰਦ ਪੁਰੀ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ।
ਬਨੂੜ (ਕਰਮਜੀਤ ਸਿੰਘ ਚਿੱਲਾ): ਬਨੂੜ ਖੇਤਰ ਹਸਪਤਾਲਾਂ ਅਤੇ ਡਿਸਪੈਂਸਰੀਆਂ ਵਿੱਚ ਵੈਕਸੀਨ ਪੂਰੀ ਨਹੀਂ ਹੋ ਰਹੀ। ਬਨੂੜ ਦੇ ਸਰਕਾਰੀ ਹਸਪਤਾਲ ਵਿੱਚ ਅੱਜ ਦੋ ਦਿਨਾਂ ਮਗਰੋਂ ਵੈਕਸੀਨ ਪਹੁੰਚੀ। ਇਸੇ ਤਰਾਂ ਹੋਰਨਾਂ ਸਿਹਤ ਕੇਂਦਰਾਂ ਵਿੱਚ ਵੀ ਵੈਕਸੀਨ ਕਰਾਉਣ ਲਈ ਪਹੁੰਚ ਰਹੇ ਲੋਕਾਂ ਦੇ ਮੁਕਾਬਲੇ ਵੈਕਸੀਨ ਦੀ ਘਾਟ ਆ ਰਹੀ ਹੈ।
ਚੰਡੀਗੜ੍ਹ (ਪੱਤਰ ਪ੍ਰੇਰਕ): ਪੰਜਾਬ ਗੌਰਮਿੰਟ ਇੰਪਲਾਈਜ਼ ਰੈਜ਼ੀਡੈਂਟਸ ਵੈੱਲਫ਼ੇਅਰ ਐਸੋਸੀਏਸ਼ਨ ਸੈਕਟਰ 39-ਸੀ ਵੱਲੋਂ ਕੋਵਿਡ-ਟੀਕਾਕਰਨ ਕੈਂਪ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਕਨੇਰ ਦੀ ਅਗਵਾਈ ਹੇਠ ਸੈਕਟਰ 39-ਸੀ ਦੇ ਗੁਰਦੁਆਰੇ ਵਿੱਚ ਲਗਾਇਆ ਗਿਆ। ਕੈਂਪ ਦੀ ਸ਼ੁਰੂਆਤ ਕੌਂਸਲਰ ਗੁਰਬਖਸ਼ ਰਾਵਤ ਵੱਲੋਂ ਕਰਵਾਈ ਗਈ। ਉਧਰ ਵਾਰਡ 10 ਦੇ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਦੀ ਅਗਵਾਈ ਹੇਠ ਸੈਕਟਰ 42 ਦੀ ਸਰਕਾਰੀ ਡਿਸਪੈਂਸਰੀ ਵਿੱਚ ਕੈਂਪ ਲਗਾਇਆ ਗਿਆ।
ਕ੍ਰਿਕਟਰ ਸ਼ੁਭਮਨ ਗਿੱਲ ਨੇ ਕੋਵਿਡ ਵੈਕਸੀਨ ਲਵਾਈ
ਬਨੂੜ (ਕਰਮਜੀਤ ਸਿੰਘ ਚਿੱਲਾ): ਨਾਮਵਰ ਕ੍ਰਿਕਟ ਖਿਡਾਰੀ ਸ਼ੁਭਮਨ ਗਿੱਲ ਨੂੰ ਅੱਜ ਇੱਥੋਂ ਨਜ਼ਦੀਕੀ ਪਿੰਡ ਕਾਲੋਮਾਜਰਾ ਦੇ ਮੁੱਢਲਾ ਸਿਹਤ ਕੇਂਦਰ ਵਿੱਚ ਏਐੱਨਐਮ ਕੁਲਵਿੰਦਰ ਕੌਰ ਨੇ ਕੋਵੀਸ਼ੀਲਡ ਦੀ ਵੈਕਸੀਨ ਲਗਾਈ। ਇਸ ਮੌਕੇ ਪੀਐੱਚਸੀ ਦੀ ਸੀਨੀਅਰ ਮੈਡੀਕਲ ਅਫ਼ਸਰ ਡਾ ਖੁਸ਼ਦੀਪ ਗਿੱਲ ਵੀ ਮੌਜੂਦ ਸਨ। ਸਿਹਤ ਕੇਂਦਰ ਦੀ ਬੀਈਈ ਦਲਜੀਤ ਕੌਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਕਤ ਕ੍ਰਿਕਟ ਖਿਡਾਰੀ ਦੇ ਮਾਪੇ ਅਤੇ ਹੋਰ ਪਰਿਵਾਰਕ ਮੈਂਬਰ ਵੀ ਇੱਥੋਂ ਵੈਕਸੀਨ ਲਗਵਾਕੇ ਗਏ ਹਨ।
ਰੂਪਨਗਰ ਪੁਲੀਸ ਵੱਲੋਂ ਕੋਵਿਡ-ਟੀਕਾਕਰਨ ਵੈਨ ਸ਼ੁਰੂ
ਰੂਪਨਗਰ (ਬਹਾਦਰਜੀਤ ਸਿੰਘ): ਇੱਥੇ ਅੱਜ ਰੂਪਨਗਰ ਪੁਲੀਸ ਨੇ ਕੋਵੀ-ਵੈਕ ਵੈਨ ਦੇ ਨਾਮ ਨਾਲ ਕੋਵਿਡ-ਟੀਕਾਕਰਨ ਵੈਨ ਸ਼ੁਰੂ ਕੀਤੀ ਹੈ। ਐੱਸਐੱਸਪੀ ਰੂਪਨਗਰ ਡਾ. ਅਖਿਲ ਚੌਧਰੀ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਨੇ ਕੋਵਿਡ ਵੈਕਸੀਨ ਲਾਉਣ ਲਈ ਵੈਨ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅੱਜ ਪਹਿਲੇ ਦਿਨ ਕੁੱਲ 7 ਵਿਅਕਤੀਆਂ ਨੂੰ ਟੀਕਾ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਲਈ 24 ਘੰਟੇ ਪੁਲੀਸ ਮਦਦ ਲਈ ਜ਼ਿਲ੍ਹਾ ਕੰਟਰੋਲ ਰੂਮ ਵਿੱਚ ਫੋਨ ਨੰਬਰ 97794-64100 ਸਥਾਪਤ ਕੀਤਾ ਗਿਆ ਹੈ।
ਕੁਰਸੀ ’ਤੇ ਨੋਟਿਸ ਲਾ ਕੇ ਦਿੱਤੀ ਸੂਚਨਾ
ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਇੱਥੇ ਅੱਜ ਪਿੰਡ ਮੁੱਲਾਂਪੁਰ ਗਰੀਬਦਾਸ ਵਿੱਚ ਹਸਪਤਾਲ ਵਿੱਚ ਦਵਾਈ ਖਤਮ ਹੋਣ ਦਾ ਦੇਖਣ ਨੂੰ ਮਿਲਿਆ। ਜ਼ਿਕਰਯੋਗ ਹੈ ਕਿ ਸੰਨ 2013 ਵਿੱਚ ਮੁੱਲਾਂਪੁਰ ਗਰੀਬਦਾਸ ਵਿੱਚ ਡਿਸਪੈਂਸਰੀ ਸਰਕਾਰ ਵੱਲੋਂ ਬਣਾਈ ਗਈ ਸੀ। ਕਰੋਨਾ ਦਾ ਇਲਾਜ ਕਰਵਾਉਣ ਲਈ ਲੋਕ ਡਿਸਪੈਂਸਰੀ ਵਿੱਚ ਆ ਰਹੇ ਹਨ ਪਰ ਦਵਾਈ ਖਤਮ ਹੋਣ ਕਰਕੇ ਵਾਪਸ ਪਰਤ ਰਹੇ ਹਨ। ਇਸ ਸਬੰਧੀ ਡਿਸਪੈਂਸਰੀ ਦੇ ਗੇਟ ਅੱਗੇ ਦਵਾਈ ਖਤਮ ਹੋਣ ਸਬੰਧੀ ਤਖ਼ਤੀ ਲਿਖ ਕੇ ਕੁਰਸੀ ਉਤੇ ਰੱਖ ਦਿੱਤੀ ਗਈ ਹੈ। ਡਿਸਪੈਂਸਰੀ ਦੇ ਇੰਚਾਰਜ ਡਾਕਟਰ ਰੂਪਿੰਦਰ ਅਤੇ ਡਾਕਟਰ ਸਲੋਨੀ ਨੇ ਕਿਹਾ ਕਿ ਕਰੋਨਾ ਵੈਕਸੀਨ ਦਵਾਈ ਖਤਮ ਹੋ ਗਈ ਹੈ,ਪਰ ਲੋਕ ਵਾਰ-ਵਾਰ ਪੁੱਛੀ ਜਾ ਰਹੇ ਸਨ। ਲੋਕਾਂ ਨੇ ਸਿਹਤ ਮੰਤਰੀ ਕੋਲੋਂ ਕਰੋਨਾ ਵੈਕਸੀਨ ਭੇਜਣ ਦੀ ਮੰਗ ਕੀਤੀ ਹੈ।