ਪਟਿਆਲਾ (ਖੇਤਰੀ ਪ੍ਰਤੀਨਿਧ): ਖੇਤੀ ਕਾਨੂੰਨਾਂ ਖ਼ਿਲਾਫ਼ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਤਹਿਤ ਅੱਜ ਬੱਸ ਸੇਵਾ ਮੁਕੰਮਲ ਤੌਰ ’ਤੇ ਬੰਦ ਰਹੀ। ਇਸ ਦੌਰਾਨ ਪੀਆਰਟੀਸੀ ਦੀਆਂ ਗਿਆਰਾਂ ਸੌ ਤੋਂ ਵੱਧ ਬੱਸਾਂ ਅੱਡਿਆਂ ਅਤੇ ਹੋਰਨਾਂ ਥਾਵਾਂ ’ਤੇ ਹੀ ਖੜ੍ਹੀਆਂ ਰਹੀਆਂ। ਪੀਆਰਟੀਸੀ ਦੇ ਹੈਡਕੁਆਰਟਰ ਪਟਿਆਲਾ ਵਿਚਲੇ ਮੁੱਖ ਬੱਸ ਅੱਡੇ ਦੇ ਮੁੱਖ ਗੇਟ ਨੂੰ ਤਾਲ਼ਾ ਜੜਿਆ ਰਿਹਾ। ਇਸ ਤਰ੍ਹਾਂ ਪਹਿਲਾਂ ਹੀ ਆਰਥਿਕ ਸੰਕਟ ਨਾਲ ਜੂਝ ਰਹੀ ਪੀਆਰਟੀਸੀ ਨੂੰ ਅੱਜ ਤਕਰੀਬਨ 85 ਲੱਖ ਰੁਪਏ ਦਾ ਘਾਟਾ ਪਿਆ। ਕਰੋਨਾ ਮਹਾਮਾਰੀ ਦੌਰਾਨ ਲੱਗੇ ਕਰਫਿਊ ਦੌਰਾਨ ਕੁਝ ਮਹੀਨੇ ਤਾਂ ਪੀਆਰਟੀਸੀ ਦੀਆਂ ਬੱਸਾਂ ਮੁਕੰਮਲ ਰੂਪ ’ਚ ਹੀ ਬੰਦ ਰਹੀਆਂ ਸਨ। ਪੀਆਰਟੀਸੀ ਦੀ ਰੋਜ਼ਾਨਾ ਆਮਦਨ 1.30 ਕਰੋੜ ਰੁਪਏ ਹੈ। ਇਸ ਦੌਰਾਨ ਕਰੀਬ 45 ਲੱਖ ਦੇ ਡੀਜ਼ਲ ਦੀ ਖਪਤ ਹੁੰਦੀ ਹੈ।