ਜੋਗਿੰਦਰ ਸਿੰਘ ਮਾਨ/ਮਨੋਜ ਸ਼ਰਮਾ
ਮਾਨਸਾ/ਬਠਿੰਡਾ, 16 ਅਪਰੈਲ
ਮਾਲਵਾ ਪੱਟੀ ਵਿਚ ਅੱਜ ਬਾਅਦ ਦੁਪਹਿਰ ਆਈ ਹਨੇਰੀ ਤੇ ਮੀਂਹ ਕਾਰਨ ਕਿਸਾਨਾਂ ਦੇ ਸਾਹ ਸੂਤੇ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਅਬੋਹਰ, ਬਠਿੰਡਾ, ਬਰਨਾਲਾ, ਮੋਗਾ, ਸੰਗਰੂਰ ਅਤੇ ਹਰਿਆਣਾ ਦੇ ਸਿਰਸਾ ਖੇਤਰ ਤੱਕ ਤੇਜ਼ ਹਵਾਵਾਂ ਚੱਲੀਆਂ ਅਤੇ ਹਲਕਾ ਮੀਂਹ ਪਿਆ। ਮੀਂਹ ਕਾਰਨ ਕਣਕਾਂ ਨੇ ਸਲ੍ਹਾਬ ਫੜ ਲਈ ਹੈ, ਜਿਸ ਕਾਰਨ ਕਿਸੇ ਵੀ ਖੇਤ ਵਿਚ ਅੱਜ ਦੁਪਹਿਰ ਮਗਰੋਂ ਕੰਬਾਈਨ ਨਾਲ ਵਾਢੀ ਨਹੀਂ ਹੋ ਸਕੀ। ਇਸ ਤੋਂ ਇਲਾਵਾ ਹੱਥਾਂ ਨਾਲ ਵੱਢੀ ਪਈ ਕਣਕ ਨੂੰ ਹਨੇਰੀ ਨੇ ਖਿਲਾਰ ਦਿੱਤਾ, ਜਿਸ ਦੇ ਤੀਲੇ-ਤੀਲੇ ਨੂੰ ਇਕੱਠਾ ਕਰਨ ਲਈ ਕਿਸਾਨਾਂ ਨੂੰ ਵੱਖਰੀ ਮਿਹਨਤ ਕਰਨੀ ਪਵੇਗੀ।
ਖਰਾਬ ਮੌਸਮ ਕਰਕੇ ਅਨਾਜ ਮੰਡੀਆਂ ਵਿੱਚ ਵਿਕਣ ਆਈ ਕਣਕ ਦੇ ਤੋਲ ਦਾ ਕਾਰਜ ਇੱਕ ਵਾਰ ਰੁਕ ਗਿਆ ਹੈ। ਖਰੀਦ ਕੇਂਦਰਾਂ ਵਿੱਚ ਪਏ ਕਣਕ ਦੇ ਢੇਰ ਭਿੱਜ ਗਏ ਹਨ। ਕਿਸੇ ਵੀ ਖਰੀਦ ਕੇਂਦਰ ਵਿੱਚ ਆੜ੍ਹਤੀਆਂ ਕੋਲ ਤਰਪਾਲਾਂ ਦਾ ਬੰਦੋਬਸਤ ਨਹੀਂ। ਕਿਸਾਨਾਂ ਨੇ ਆਪਣੀਆਂ ਪੱਲੀਆਂ ਨਾਲ ਹੀ ਜਿਣਸ ਨੂੰ ਮੀਂਹ ਤੋਂ ਬਚਾਉਣ ਲਈ ਢਕ ਕੇ ਰੱਖਿਆ।
ਮੌਸਮ ਵਿਭਾਗ ਵੱਲੋਂ ਅਗਲੇ 24 ਘੰਟਿਆਂ ਦੌਰਾਨ ਸੂਬੇ ਵਿਚ ਮੀਂਹ ਵਾਲਾ ਮੌਸਮ ਬਣੇ ਰਹਿਣ ਦੀ ਦਿੱਤੀ ਗਈ ਚਿਤਾਵਨੀ ਮਗਰੋਂ ਕਿਸਾਨਾਂ ਦੇ ਸੂਤੇ ਗਏ ਹਨ। ਖੇਤੀ ਮਾਹਿਰਾਂ ਦਾ ਮੰਨਣਾ ਹੈ ਕਿ ਜੇ ਪੰਜਾਬ ਵਿਚ ਅਜਿਹਾ ਮੌਸਮ ਜਾਰੀ ਰਹਿੰਦਾ ਹੈ ਤਾਂ ਹਾੜ੍ਹੀ ਦੀਆਂ ਸਾਰੀਆਂ ਫ਼ਸਲਾਂ ਦਾ ਨੁਕਸਾਨ ਹੋ ਸਕਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਅਸਮਾਨ ’ਤੇ ਲਿਸ਼ਕਦੀ ਬਿਜਲੀ ਅਤੇ ਮੀਂਹ-ਝੱਖੜ ਨੇ ਉਨ੍ਹਾਂ ਨੂੰ ਡੂੰਘੀਆਂ ਸੋਚਾਂ ਵਿਚ ਡੋਬ ਦਿੱਤਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀ.ਐੱਸ ਰੋਮਾਣਾ ਦਾ ਕਹਿਣਾ ਹੈ ਕਿ ਕਣਕ ਦੀ ਵਾਢੀ ਦਾ ਕੰਮ ਸਹੀ ਰੂਪ ਵਿੱਚ ਨੇਪਰੇ ਚਾੜ੍ਹਨ ਲਈ ਦਿਨ ਵੇਲੇ ਚੰਗੀਆਂ ਧੁੱਪਾਂ ਲੱਗਣੀਆਂ ਚਾਹੀਦੀਆਂ ਹਨ ਅਤੇ ਰਾਤ ਨੂੰ ਮੌਸਮ ਸਾਫ਼ ਰਹਿਣਾ ਜ਼ਰੂਰੀ ਹੈ। ਅਜਿਹੇ ਖ਼ਰਾਬ ਮੌਸਮ ਨਾਲ ਕਿਸਾਨਾਂ ਦਾ ਕਾਫੀ ਨੁਕਸਾਨ ਹੋ ਸਕਦਾ ਹੈ।
ਅੱਗ ਲੱਗਣ ਕਾਰਨ ਨੁਕਸਾਨੀ ਫ਼ਸਲ ਦੀ ਪੂਰਤੀ ਕਰੇ ਸਰਕਾਰ: ਸੰਧਵਾਂ
ਚੰਡੀਗੜ (ਟ੍ਰਿਬਿਊਨ ਨਿਊਜ਼ ਸਰਵਿਸ): ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਸੂਬੇ ’ਚ ਵੱਖ ਵੱਖ ਥਾਵਾਂ ’ਤੇ ਖੇਤਾਂ ਵਿੱਚ ਅੱਗ ਲੱਗਣ ਕਾਰਨ ਹੋਏ ਨੁਕਸਾਨ ਦੀ ਪੂਰਤੀ ਲਈ ਕਿਸਾਨਾਂ ਨੂੰ 100 ਫ਼ੀਸਦੀ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਖੇਤਾਂ ਵਿੱਚੋਂ ਲੰਘਦੀਆਂ ਬਿਜਲੀ ਸਪਲਾਈ ਦੀਆਂ ਤਾਰਾਂ ਢਿੱਲੀਆਂ ਹੋਣ ਕਰਕੇ ਸ਼ਾਰਟ ਸਰਕਟ ਹੋ ਰਹੇ ਹਨ। ਭਾਵੇਂ ਇਹ ਸਭ ਅਚਾਨਕ ਹੁੰਦਾ ਹੈ ਪਰ ਸੂਬੇ ਵਿੱਚ ਫਾਇਰ ਬ੍ਰਿਗੇਡ ਵਿਵਸਥਾ ਦਾ ਬੁਰਾ ਹਾਲ ਹੈ। ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ’ਚ ਅੱਗ ਬੁਝਾਊ ਗੱਡੀਆਂ ਦੀ ਹਾਲਤ ਨਕਾਰਾ ਹੋ ਚੁੱਕੀ ਹੈ। ਅੱਗ ਬੁਝਾਉਣ ਵਾਲੀਆਂ ਖ਼ਰਾਬ ਗੱਡੀਆਂ ਖੇਤਾਂ ’ਚ ਲੱਗੀ ਅੱਗ ’ਤੇ ਕਾਬੂ ਪਾਉਣ ’ਚ ਅਸਫ਼ਲ ਸਿੱਧ ਹੋ ਰਹੀਆਂ ਹਨ। ਸੰਧਵਾਂ ਨੇ ਕਿਹਾ ਕਿ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੀਆਂ ਸਰਕਾਰਾਂ ਨੇ ਕਿਸਾਨਾਂ ਦੇ ਨਾਂ ’ਤੇ ਸਿਰਫ ਰਾਜਨੀਤੀ ਕੀਤੀ ਹੈ। ਖੇਤੀਬਾੜੀ ਦੇ ਵਿਕਾਸ ਅਤੇ ਫ਼ਸਲਾਂ ਦੀ ਸਾਂਭ ਸੰਭਾਲ ਲਈ ਕੋਈ ਠੋਸ ਨੀਤੀ ਨਹੀਂ ਅਪਣਾਈ। ਜਦੋਂ ਕਿਸਾਨ ਅੱਗ ਲੱਗਣ ਨਾਲ ਹੋਏ ਨੁਕਸਾਨ ਅਤੇ ਬਿਜਲੀ ਦੀਆਂ ਤਾਰਾਂ ਸਬੰਧੀ ਸਰਕਾਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹਨ ਤਾਂ ਅਧਿਕਾਰੀ ਕਿਸਾਨਾਂ ਨਾਲ ਮਾੜਾ ਸਲੂਕ ਕਰਦੇ ਹਨ। ਵਿਧਾਇਕ ਸੰਧਵਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਫ਼ਾਰਮ ਹਾਊਸ ਤੋਂ ਬਾਹਰ ਨਿਕਲ ਕੇ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਮੰਗ ਕੀਤੀ ਹੈ।