ਕਰਮਜੀਤ ਸਿੰਘ ਚਿੱਲਾ
ਐੱਸ.ਏ.ਐੱਸ.ਨਗਰ (ਮੁਹਾਲੀ), 19 ਫਰਵਰੀ
ਪਿਛਲੀਆਂ ਚੋਣਾਂ ਦੇ ਮੁਕਾਬਲੇ ਐਤਕੀਂ ਸਮੁੱਚੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਚੋਣ ਫੰਡਾਂ ਵਾਲੇ ਲਿਫ਼ਾਫ਼ਿਆਂ ਦੀ ਤੋਟ ਰਹੀ। ਪਿਛਲੇ ਸਮਿਆਂ ਦੌਰਾਨ ਆਪਣੇ ਸਮਰਥਕਾਂ ਕੋਲੋਂ ਵੱਡੀ ਮਾਤਰਾ ਵਿੱਚ ਫੰਡ ਹਾਸਲ ਕਰਨ ਵਾਲੇ ਉਮੀਦਵਾਰ ਵੀ ਇਸ ਵੇਰ ਸੁੱਕੇ ਹੀ ਰਹੇ। ਕਈ ਉਮੀਦਵਾਰਾਂ ਨੂੰ ਤਾਂ ਆਪਣੇ ਚੋਣ ਪ੍ਰਚਾਰ ਦੌਰਾਨ ਲੱਡੂਆਂ ਨਾਲ ਤੋਲ-ਤੁਲਾਈ ਕਰਵਾਉਣ, ਟੈਂਟ, ਕੁਰਸੀਆਂ ਅਤੇ ਖਾਣ-ਪੀਣ ਦਾ ਖਰਚਾ ਵੀ ਖੁਦ ਹੀ ਕਰਨਾ ਪਿਆ। ਪਿੰਡਾਂ-ਕਸਬਿਆਂ ਵਿੱਚ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਦੇ ਚੋਣ ਪ੍ਰਚਾਰ ਮੌਕੇ ਇਹ ਗੱਲ ਵੀ ਵੇਖਣ ਨੂੰ ਮਿਲੀ ਕਿ ਮੂਹਰਲੇ ਪ੍ਰਬੰਧਕਾਂ ਨੂੰ ਛੱਡ ਕੇ ਬਾਕੀ ਸਾਰੇ ਸਰੋਤੇ ਹਰ ਉਮੀਦਵਾਰ ਕੋਲ ਇੱਕੋ ਹੁੰਦੇ ਸਨ। ਚੋਣ ਇਕੱਠਾਂ ਦੇ ਇਨ੍ਹਾਂ ਸਰੋਤਿਆਂ ਨੇ ਸਾਰਿਆਂ ਦੇ ਗਲਾਂ ਵਿੱਚ ਹਾਰ ਵੀ ਪਾਏ, ਸਾਰਿਆਂ ਦੇ ਭਾਸ਼ਨਾਂ ਉੱਤੇ ਤਾੜੀਆਂ ਅਤੇ ਜੈਕਾਰੇ ਵੀ ਲਗਾਏ, ਸਾਰਿਆਂ ਲਈ ਵੋਟਾਂ ਪਾਏ ਜਾਣ ਦਾ ਭਰੋਸਾ ਦਿਵਾਉਣ ਸਮੇਂ ਹੱਥ ਵੀ ਖੜ੍ਹੇ ਕੀਤੇ ਪਰ ਆਪਣੇ ਦਿਲ ਦੀ ਅੰਦਰਲੀ ਗੱਲ ਦਾ ਭੇਤ ਕਿਸੇ ਨੂੰ ਨਹੀਂ ਲੱਗਣ ਦਿੱਤਾ। ਵੋਟਰਾਂ ਦੀ ਚੁੱਪ ਨੇ ਐਤਕੀਂ ਵੱਡੇ-ਵੱਡੇ ਸਿਆਸੀ ਪੰਡਿਤਾਂ ਨੂੰ ਉਲਝਣ ਵਿੱਚ ਪਾ ਦਿੱਤਾ ਹੈ।
ਇਸ ਵਾਰ ਚੋਣ ਪ੍ਰਚਾਰ ਦੀ ਨਿਵੇਕਲੀ ਗੱਲ ਇਹ ਰਹੀ ਕਿ ਵੱਡੀਆਂ ਰੈਲੀਆਂ ਨਹੀਂ ਹੋਈਆਂ। ਅੰਤਿਮ ਪੜਾਅ ਵਿੱਚ ਉਮੀਦਵਾਰਾਂ ਨੇ ਰੋਡ ਸ਼ੋਅ ਅਤੇ ਟਰੈਕਟਰ ਰੈਲੀਆਂ ਕੱਢ ਕੇ ਸ਼ਕਤੀ ਪ੍ਰਦਰਸ਼ਨ ਜ਼ਰੂਰ ਕੀਤਾ ਪਰ ਪਿਛਲੇ ਸਮਿਆਂ ਵਾਲੇ ਇਕੱਠ ਵੇਖਣ ਨੂੰ ਨਹੀਂ ਮਿਲੇ। ਸ਼ਰਾਬ, ਮਠਿਆਈ, ਠੰਢਿਆਂ ਦੀਆਂ ਬੋਤਲਾਂ ਦੀ ਕਾਫ਼ੀ ਵੰਡ-ਵੰਡਾਈ ਹੋਈ ਅਤੇ ਪਿੰਡਾਂ ਵਿੱਚ ਸ਼ਰਾਬ ਪੀਣ ਵਾਲੇ ਵੋਟਰ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਤੋਂ ਹੀ ਸ਼ਰਾਬ ਲੈਂਦੇ ਰਹੇ।