ਚਰਨਜੀਤ ਭੁੱਲਰ
ਚੰਡੀਗੜ੍ਹ, 27 ਜੂਨ
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਪ੍ਰਸ਼ਨਕਾਲ ਦੌਰਾਨ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸੰਸਦ ਮੈਂਬਰਾਂ ਨੂੰ ਮਿਲਦੀ ਅਖ਼ਤਿਆਰੀ ਕੋਟੇ ਦੀ ਗਰਾਂਟ ਦੀ ਤਰਜ਼ ’ਤੇ ਸੂਬੇ ਦੇ ਸਾਰੇ ਵਿਧਾਇਕਾਂ ਨੂੰ ਅਖ਼ਤਿਆਰੀ ਕੋਟੇ ਦੀ ਗਰਾਂਟ ਦੇਣ ਦੀ ਕੋਈ ਤਜਵੀਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਇੱਛਾ ਜ਼ਰੂਰ ਹੈ। ਉਨ੍ਹਾਂ ਕਿਹਾ ਕਿ ਜਦੋਂ ‘ਆਪ’ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਵਜੋਂ ਸੀ ਤਾਂ ਉਦੋਂ ਸਰਕਾਰਾਂ ‘ਪੰਜਾਬ ਨਿਰਮਾਣ ਪ੍ਰੋਗਰਾਮ’ ਦੀ ਗਰਾਂਟ ਵੀ ਹਾਰੇ ਉਮੀਦਵਾਰਾਂ ਦੀ ਸਿਫ਼ਾਰਿਸ਼ ’ਤੇ ਵੰਡਦੀਆਂ ਸਨ ਪਰ ਹੁਣ ਰੀਤ ਬਦਲੀ ਜਾਵੇਗੀ।
ਊਰਜਾ ਮੰਤਰੀ ਹਰਭਜਨ ਸਿੰਘ ਨੇ ਪ੍ਰਸ਼ਨ ਕਾਲ ਦੌਰਾਨ ਕਿਹਾ ਕਿ ਖੇਤੀ ਟਿਊਬਵੈੱਲ ਕੁਨੈਕਸ਼ਨਾਂ ਨੂੰ ਵਾਰਸਾਂ ਦੇ ਨਾਮ ਤਬਦੀਲ ਕਰਨ ਦੀ ਵਿਧੀ ਸਰਲ ਕੀਤੀ ਜਾਵੇਗੀ। ਵਿਧਾਇਕ ਨਰਿੰਦਰ ਕੌਰ ਭਰਾਜ ਦੇ ਸਵਾਲ ’ਤੇ ਬਿਜਲੀ ਮੰਤਰੀ ਨੇ ਦੱਸਿਆ ਕਿ ਸਾਲ 2017 ਤੋਂ ਲੈ ਕੇ ਹੁਣ ਤੱਕ ਖੇਤੀ ਕੁਨੈਕਸ਼ਨਾਂ ਦੇ ਖ਼ਪਤਕਾਰਾਂ ਨੇ ਵਾਰਸਾਂ ਦੇ ਨਾਮ ਤਬਦੀਲ ਕਰਵਾਉਣ ਲਈ 31,801 ਦਰਖ਼ਾਸਤਾਂ ਦਿੱਤੀਆਂ ਗਈਆਂ ਸਨ, ਜਿਨ੍ਹਾਂ ਵਿੱਚੋਂ 31,791 ਕੁਨੈਕਸ਼ਨ ਵਾਰਸਾਂ ਦੇ ਨਾਮ ਕਰ ਦਿੱਤੇ ਗਏ ਹਨ। ਬਿਜਲੀ ਮੰਤਰੀ ਨੇ ਦੱਸਿਆ ਕਿ ਇਸ ਦੌਰਾਨ ਟਿਊਬਵੈੱਲ ਕੁਨੈਕਸ਼ਨ ਦੇ ਰੂਪ ਵਿੱਚ ਕੁੱਲ 272 ਕਰੋੜ ਦਾ ਮਾਲੀਆ ਪ੍ਰਾਪਤ ਹੋਇਆ ਹੈ।
ਬਠਿੰਡਾ ਤੋਂ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਸਲਾਹ ਦਿੱਤੀ ਕਿ ਜਦੋਂ ਜ਼ਮੀਨਾਂ ਦੀ ਮਲਕੀਅਤ ਤਬਦੀਲ ਹੁੰਦੀ ਹੈ ਤਾਂ ਰਜਿਸਟਰੀ ਦੇ ਆਧਾਰ ’ਤੇ ਹੀ ਕੁਨੈਕਸ਼ਨ ਤਬਦੀਲੀ ਕੀਤੀ ਜਾਵੇ। ਕੈਬਨਿਟ ਮੰਤਰੀ ਬਲਜੀਤ ਕੌਰ ਨੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦੇ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਪੰਜਾਬ ਵਿੱਚ ਆਸ਼ੀਰਵਾਦ ਸਕੀਮ ਤਹਿਤ 43,640 ਕੇਸ ਬਕਾਇਆ ਪਏ ਹਨ, ਜਿਨ੍ਹਾਂ ਦੇ ਨਿਪਟਾਰੇ ਲਈ 219.20 ਕਰੋੜ ਦੀ ਲੋੜ ਹੈ। ਸਿੱਖਿਆ ਮੰਤਰੀ ਮੀਤ ਹੇਅਰ ਨੇ ਵਿਧਾਇਕ ਸ਼ੈਰੀ ਕਲਸੀ ਦੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸਰਕਾਰ ਦੀ ਬਟਾਲਾ ਵਿੱਚ ਸਰਕਾਰੀ ਡਿਗਰੀ ਖੋਲ੍ਹਣ ਦੀ ਕੋਈ ਤਜਵੀਜ਼ ਨਹੀਂ ਹੈ। ਵਿਰੋਧੀ ਧਿਰ ਦੇ ਨੇਤਾ ਨੇ ਸਰਕਾਰੀ ਕਾਲਜਾਂ ਵਿੱਚ ਬਦਲਵੇਂ ਕੋਰਸ ਚਲਾਉਣ ਦਾ ਮਸ਼ਵਰਾ ਦਿੱਤਾ। ਪਸ਼ੂ ਪਾਲਣ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵਿਧਾਇਕ ਕਰਮਬੀਰ ਸਿੰਘ ਦੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪਸ਼ੂ ਪਾਲਣ ਵਿਭਾਗ ਵਿੱਚ 353 ਵੈਟਰਨਰੀ ਅਫ਼ਸਰਾਂ ਦੀਆਂ ਖਾਲੀ ਅਸਾਮੀਆਂ ਭਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ। ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਹਲਕਾ ਖਡੂਰ ਸਾਹਿਬ ਦੇ ਪਿੰਡਾਂ ਵਿੱਚ ਸਰਕਾਰੀ ਮਿਨੀ ਬੱਸ ਸੇਵਾ ਸ਼ੁਰੂ ਕਰਨ ਦੀ ਮੰਗ ਕੀਤੀ, ਜਿਸ ’ਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਹਰ ਪਿੰਡ ਨੂੰ ਬੱਸ ਸੇਵਾ ਨਾਲ ਜੋੜਿਆ ਜਾਵੇਗਾ। ਜਲ ਸਰੋਤ ਮੰਤਰੀ ਬ੍ਰਹਮ ਸ਼ੰਕਰ ਨੇ ਵਿਧਾਇਕ ਜੈ ਕਿਸ਼ਨ ਰੋੜੀ ਦੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਕੰਢੀ ਨਹਿਰ ਸਟੇਜ ਇੱਕ ਦੀ ਰੀਹੈਬਲੀਟੇਸ਼ਨ ਦਾ ਕੰਮ ਮੁਕੰਮਲ ਹੋਣ ਮਗਰੋਂ ਪਾਣੀ ਦੀ ਸਪਲਾਈ ਚਾਲੂ ਕਰ ਦਿੱਤੀ ਜਾਵੇਗੀ। ਵਿਧਾਇਕ ਦਿਨੇਸ਼ ਚੱਢਾ ਦੇ ਜਵਾਬ ਵਿੱਚ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਕਮਰਸ਼ੀਅਲ ਵਾਹਨਾਂ ਸਬੰਧੀ ਪਾਸਿੰਗ, ਰਜਿਸਟਰੇਸ਼ਨ ਅਤੇ ਹੋਰ ਕੰਮ ਜ਼ਿਲ੍ਹਾ ਪੱਧਰ ’ਤੇ ਸ਼ੁਰੂ ਕਰਨ ਦੀ ਕੋਈ ਤਜਵੀਜ਼ ਨਹੀਂ ਹੈ। ਖੇਡ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਉਹ ਦੋ ਹਜ਼ਾਰ ਪੀਟੀਆਈ ਅਧਿਆਪਕਾਂ ਦੀ ਭਰਤੀ ਕਰਨ ਜਾ ਰਹੇ ਹਨ। ਵਿਧਾਇਕ ਨਰੇਸ਼ ਕਟਾਰੀਆ ਦੀ ਮੱਲਾਂ ਵਾਲਾ ਵਿੱਚ ਸਟੇਡੀਅਮ ਬਣਾਉਣ ਦੀ ਮੰਗ ’ਤੇ ਮੰਤਰੀ ਨੇ ਕਿਹਾ ਕਿ ਪੰਚਾਇਤ ਜ਼ਮੀਨ ਦੇ ਦੇਵੇਗੀ ਤਾਂ ਉਹ ਮੈਦਾਨ ਤਿਆਰ ਕਰਵਾ ਦੇਣਗੇ। ਵਿਧਾਇਕ ਪਰਗਟ ਸਿੰਘ ਨੇ ਕੋਚ ਭਰਤੀ ਕਰਨ ਦੀ ਸਲਾਹ ਦਿੱਤੀ ਤੇ ਘਨੌਰ ਤੋਂ ਵਿਧਾਇਕ ਗੁਰਲਾਲ ਸਿੰਘ ਨੇ ਕਿਹਾ ਕਿ ਅਜਿਹੀ ਪਾਲਿਸੀ ਬਣਾਈ ਜਾਵੇ, ਜਿਹੜਾ ਵਿਧਾਇਕ ਖੇਡ ਮੈਦਾਨਾਂ ਨੂੰ ਵੱਧ ਪ੍ਰਫੁੱਲਿਤ ਕਰੇ, ਉਸ ਨੂੰ ਵਿਸ਼ੇਸ਼ ਫ਼ੰਡ ਦਿੱਤੇ ਜਾਣ।
ਹਾਦਸਿਆਂ ਦਾ ਕਾਰਨ ਬਣਦੇ ਨੇ ਦਰੱਖ਼ਤ: ਬਾਜਵਾ
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜਦੋਂ ਲਿੰਕ ਸੜਕਾਂ ਚੌੜੀਆਂ ਕੀਤੀਆਂ ਜਾਂਦੀਆਂ ਤਾਂ ਉਸ ਵੇਲੇ ਸੜਕਾਂ ਕੰਢੇ ਖੜ੍ਹੇ ਦਰੱਖ਼ਤ ਹਾਦਸਿਆਂ ਦਾ ਕਾਰਨ ਬਣਦੇ ਹਨ, ਜਿਨ੍ਹਾਂ ਦੀ ਕਟਾਈ ਕਰਵਾਉਣ ਦੀ ਮੰਗ ਕੀਤੀ ਗਈ ਹੈ। ਵਿਧਾਇਕ ਚੇਤਨ ਸਿੰਘ ਜੋੜਮਾਜਰਾ ਨੇ ਕਿਹਾ ਕਿ ਸੜਕਾਂ ਕੰਢਿਓਂ ਦਰੱਖ਼ਤ ਪੁੱਟੇ ਤਾਂ ਜਾਂਦੇ ਹਨ ਪ੍ਰੰਤੂ ਬਦਲੇ ਵਿੱਚ ਕੋਈ ਨਵੇਂ ਦਰੱਖ਼ਤ ਲਗਾਏ ਨਹੀਂ ਜਾਂਦੇ ਹਨ।
ਘੜਾਮ ਨੂੰ ਇਤਿਹਾਸਕ ਨਗਰੀ ਵਜੋਂ ਵਿਕਸਤ ਕਰਾਂਗੇ: ਬੈਂਸ
ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਹਲਕਾ ਸਨੌਰ ਦੇ ਪਿੰਡ ਘੜਾਮ ਨੂੰ ਇਤਿਹਾਸਕ ਨਗਰੀ ਐਲਾਨੇ ਜਾਣ ਬਾਰੇ ਸੈਰ ਸਪਾਟਾ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਘੜਾਮ ਨੂੰ ਬਤੌਰ ਇਤਿਹਾਸਕ ਨਗਰੀ ਵਿਕਸਤ ਕਰਨ ਲਈ ਵਿਭਾਗ ਵਿਚਾਰ ਕਰੇਗਾ ਅਤੇ ਇਸ ਵਾਸਤੇ ਡਿਪਟੀ ਕਮਿਸ਼ਨਰ ਪਟਿਆਲਾ ਤੇ ਪੰਚਾਇਤ ਵਿਭਾਗ ਕੋਲੋਂ ਰਿਪੋਰਟ ਲੈਣ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ।