ਹਰਪਾਲ ਸਿੰਘ ਨਾਗਰਾ
ਫ਼ਤਿਹਗੜ੍ਹ ਚੂੜੀਆਂ, 24 ਜੁਲਾਈ
ਫ਼ਤਿਹਗੜ੍ਹ ਚੂੜੀਆਂ ਵਿਖੇ ਗੈਸ ਏਜੰਸੀ ਰੋਡ ’ਤੇ ਹਰਪ੍ਰੀਤ ਹਸਪਤਾਲ ਦੇ ਨੇੜੇ ਅੱਜ ਤੜਕੇ 3: 30 ਵਜੇ ਰੰਧਾਵਾਂ ਪਾਰਕਿੰਗ ਤੋਂ ਗੱਡੀ ਬਾਹਰ ਕੱਢਣ ਲੱਗੇ ਨੌਜਵਾਨ ਦੀਪਕ ਉੱਤੇ ਤਿੰਨ ਨਕਾਬਪੋਸ਼ ਹਥਿਆਰਬੰਦ ਲੁਟੇਰੇ ਜਾਨਲੇਵਾ ਹਮਲਾ ਕਰਕੇ ਨੱਬੇ ਹਜ਼ਾਰ ਰੁਪਏ ਅਤੇ ਮੋਬਾਈਲ ਲੁੱਟ ਕੇ ਫ਼ਰਾਰ ਹੋ ਗਏ। ਦੀਪਕ ਦੀ ਬਾਂਹ ’ਤੇ ਤੇਜ਼ਧਾਰ ਹਥਿਆਰ ਵੱਜਣ ਦੇ ਨਿਸ਼ਾਨ ਹਨ। ਦੀਪਕ ਨੇ ਦੱਸਿਆ ਕਿ ਉਹ ਜਦੋਂ ਰੰਧਾਵਾ ਪਾਰਕਿੰਗ ’ਚੋਂ ਗੱਡੀ ਬਾਹਰ ਕੱਢਣ ਲੱਗਾ ਤਾਂ ਮੋਟਰਸਾਈਕਲ ’ਤੇ ਤਿੰਨ ਨੌਜਵਾਨ ਆਏ। ਇੱਕ ਨੇ ਪਾਰਕਿੰਗ ਦਾ ਅੰਦਰੋਂ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਗੱਡੀ ਦਾ ਸ਼ੀਸ਼ਾ ਤੋੜ ਕੇ ਬਾਹਰ ਖਿੱਚ ਲਿਆ ਅਤੇ ਦਾਤਰ ਨਾਲ ਵਾਰ ਕੀਤਾ। ਲੁਟੇਰੇ ਕਰੀਬ ਨੱਬੇ ਹਜ਼ਾਰ ਰੁਪਏ, ਮੋਬਾਈਲ ’ਤੇ ਹੋਰ ਜ਼ਰੂਰੀ ਕਾਗ਼ਜ਼ ਲੁੱਟ ਕੇ ਲੈ ਗਏ ਅਤੇ ਲੁਟੇਰਿਆਂ ਨੇ ਜਾਣ ਲੱਗਿਆਂ ਪਿਸਤੌਲ ਨਾਲ ਧਮਕੀ ਦਿੱਤੀ ਕਿ ਜੇ ਪੁਲੀਸ ਨੂੰ ਦੱਸਿਆ ਤਾਂ ਜਾਨੋ ਮਾਰ ਦਿੱਤਾ ਜਾਵੇਗਾ। ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।