ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 6 ਅਪਰੈਲ
ਲੰਬੀ ਵਿੱਚ ਕਿਸਾਨਾਂ ਤੇ ਮਜ਼ਦੂਰਾਂ ’ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ ਲਗਾਏ ਅਣਮਿੱਥੇ ਸਮੇਂ ਦੇ ਧਰਨੇ ਉਪਰੰਤ ਭਾਵੇਂ ਕਿ ਕਿਸਾਨਾਂ ਨੇ ਜਿੱਤ ਹਾਸਲ ਕਰ ਲਈ ਹੈ ਪਰ ਇਸ ਜਿੱਤ ਲਈ ਕਿਸਾਨਾਂ-ਮਜ਼ਦੂਰਾਂ ਨੂੰ ਆਪਣੇ ਖ਼ੂਨ-ਪਸੀਨੇ ਦੀ ਕਮਾਈ ਵਿੱਚੋਂ ਕਰੀਬ 20 ਲੱਖ ਰੁਪਏ ਖ਼ਰਚ ਕਰਨੇ ਪਏ ਹਨ। ਮੁਕਤਸਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਲਗਾਏ ਗਏ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ 15 ਜ਼ਿਲ੍ਹਿਆਂ ਦੇ ਹਜ਼ਾਰਾਂ ਕਾਰਕੁਨਾਂ ਨੇ ਹਿੱਸਾ ਲਿਆ|
ਧਰਨਾ ਪ੍ਰਬੰਧਕ ਗੁਰਭਗਤ ਸਿੰਘ ਭਲਾਈਆਣਾ ਅਤੇ ਤਰਸੇਮ ਸਿੰਘ ਖੁੰਡੇ ਹਲਾਲ ਨੇ ਦੱਸਿਆ ਕਿ ਧਰਨੇ ਵਾਸਤੇ ਦੁੱਧ ਤੇ ਆਟਾ ਉਹ ਪਿੰਡਾਂ ’ਚੋਂ ਲੈ ਕੇ ਆਉਂਦੇ ਸਨ| ਫਿਰ ਵੀ ਸੱਤ ਦਿਨਾਂ ਦੇ ਧਰਨੇ ਵਿੱਚ ਕਰੀਬ ਦੋ ਲੱਖ ਰੁਪਏ ਖ਼ਰਚਾ ਪੈ ਗਿਆ ਹਾਲਾਂਕਿ ਟੈਂਟ ਲੰਬੀ ਇਕਾਈ ਦਾ ਆਪਣਾ ਸੀ| ਇਸੇ ਤਰ੍ਹਾਂ ਸੂਬਾਈ ਰੈਲੀ ਵਾਸਤੇ ਕੀਤੇ ਪ੍ਰਬੰਧਾਂ ਉੱਪਰ ਕਿਸਾਨ ਯੂਨੀਅਨ ਦੀ ਸੂਬਾਈ ਕਮੇਟੀ ਦਾ ਕਰੀਬ 15 ਲੱਖ ਰੁਪਏ ਖ਼ਰਚਾ ਇਕ ਦਿਨ ਵਾਸਤੇ ਪਿਆ| ਰੈਲੀ ਵਾਸਤੇ ਕਰੀਬ ਅੱਠ ਹਜ਼ਾਰ ਬੰਦਿਆਂ ਦੇ ਬੈਠਣ ਲਈ ਟੈਂਟ, ਪੱਖੇ ਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ| ਇਸੇ ਤਰ੍ਹਾਂ ਫ਼ਾਜ਼ਿਲਕਾ, ਮਾਨਸਾ ਤੇ ਬਰਨਾਲਾ ਜ਼ਿਲ੍ਹਿਆਂ ਦੇ ਸੈਂਕੜੇ ਕਿਸਾਨ ਆਪੋ-ਆਪਣੇ ਸਾਧਨਾਂ ਰਾਹੀਂ ਧਰਨੇ ਵਿੱਚ ਸ਼ਾਮਲ ਹੋਣ ਲਈ ਆਏ, ਜਿਸ ’ਤੇ 2.02 ਲੱਖ ਰੁਪਏ ਖ਼ਰਚਾ ਆਇਆ ਹੈ| ਇਸ ਤੋਂ ਇਲਾਵਾ ਜ਼ਿਲ੍ਹਾ ਮੁਕਤਸਰ ਦੇ ਕਿਸਾਨ ਧਰਨੇ ਵਿੱਚ ਆਪਣੇ ਵਾਹਨਾਂ ਉੱਪਰ ਆਉਂਦੇ-ਜਾਂਦੇ ਰਹੇ ਹਨ| ਸ੍ਰੀ ਭਲਾਈਆਣਾ ਨੇ ਦੱਸਿਆ ਕਿ ਧਰਨੇ ਦੀ ਸਫ਼ਲਤਾ ਲਈ ਜ਼ਿਲ੍ਹੇ ਦੇ ਸੈਂਕੜੇ ਕਾਰਕੁਨਾਂ ਨੇ ਦਿਨ-ਰਾਤ ਭੱਜ-ਨੱਠ ਕੀਤੀ ਅਤੇ ਆਪਣਾ ਤੇ ਘਰਾਂ ਦੇ ਨਿੱਜੀ ਕੰਮ ਦਾ ਨੁਕਸਾਨ ਵੀ ਝੱਲਿਆ ਹੈ|