ਗਗਨਦੀਪ ਅਰੋੜਾ
ਲੁਧਿਆਣਾ, 9 ਅਕਤੂਬਰ
ਤਿੰਨ ਦਿਨਾਂ ਤੋਂ ਖੇਤੀ ਬਿੱਲਾਂ ਦੇ ਵਿਰੋਧ ਵਿਚ ਲਾਡੋਵਾਲ ਟੌਲ ਪਲਾਜ਼ਾ ’ਤੇ ਡੇਰੇ ਲਾਈ ਬੈਠੇ ਕਿਸਾਨਾਂ ਨੇ ਅੱਜ ਕੌਮੀ ਮਾਰਗ ’ਤੇ ਚੱਕਾ ਜਾਮ ਕੀਤਾ। ਅੰਮ੍ਰਿਤਸਰ-ਦਿੱਲੀ ਹਾਈਵੇਅ ਹੋਣ ਕਾਰਨ ਇੱਥੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਤੇ ਕਈ ਕਿਲੋਮੀਟਰ ਤੱਕ ਜਾਮ ਲੱਗ ਗਿਆ। ਜਾਮ ਵਿਚ ਐਂਬੂਲੈਂਸਾਂ ਫਸਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਆਪਣਾ ਧਰਨਾ ਚੁੱਕ ਦਿੱਤਾ ਤੇ ਟੌਲ ਪਲਾਜ਼ਾ ਦੇ ਇਕ ਪਾਸੇ ਕੇਂਦਰ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਜਾਰੀ ਰੱਖਿਆ।
ਲਾਡੋਵਾਲ ਸਤਲੁਜ ਦਰਿਆ ਦੇ ਨੇੜੇ ਸੂਬੇ ਦਾ ਸਭ ਤੋਂ ਮਹਿੰਗਾ ਟੌਲ ਪਲਾਜ਼ਾ ਹੈ ਜਿੱਥੇ ਕਿਸਾਨ ਜਥੇਬੰਦੀਆਂ ਨੇ ਤਿੰਨ ਦਿਨਾਂ ਤੋਂ ਪੱਕੇ ਡੇਰੇ ਲਾਏ ਹੋਏ ਹਨ। ਇਥੇ ਕਿਸਾਨ ਜਥੇਬੰਦੀਆਂ ਨੇ ਅੱਜ ਵੀ ਲੋਕਾਂ ਦੀਆਂ ਮੁਫਤ ਵਿਚ ਗੱਡੀਆਂ ਲੰਘਵਾਈਆਂ। ਇਥੇ ਕਿਸਾਨਾਂ ਵੱਲੋਂ ਅੱਜ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਸੀ ਤੇ ਕਿਸਾਨਾਂ ਨੇ ਦੁਪਹਿਰੇ 12 ਵਜੇ ਟੌਲ ਪਲਾਜ਼ਾ ਦੇ ਦੋਵੇਂ ਪਾਸਿਆਂ ਤੋਂ ਸੜਕ ਘੇਰ ਲਈ। ਦੇਖਦੇ ਹੀ ਦੇਖਦੇ ਅੰਮ੍ਰਿਤਸਰ-ਦਿੱਲੀ ਹਾਈਵੇਅ ਪੂਰੀ ਤਰ੍ਹਾਂ ਜਾਮ ਹੋ ਗਿਆ ਤੇ ਕਈ ਐਂਬੂਲੈਂਸਾਂ ਜਾਮ ਵਿਚ ਫਸ ਗਈਆਂ ਜਿਸ ਦੀ ਜਾਣਕਾਰੀ ਕਿਸਾਨ ਜਥੇਬੰਦੀਆਂ ਨੂੰ ਮਿਲਣ ’ਤੇ ਉਨ੍ਹਾਂ ਜਾਮ ਖੋਲ੍ਹ ਦਿੱਤਾ ਤੇ ਪੁਰਾਣੀ ਥਾਂ ’ਤੇ ਆ ਕੇ ਧਰਨਾ ਜਾਰੀ ਰੱਖਿਆ। ਕਿਸਾਨਾਂ ਨੇ ਇੱਥੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਮੁੱਖ ਸਿੰਘ, ਦਸ਼ਮੇਸ਼ ਸਿੰਘ ਤੇ ਕਿਸਾਨ ਆਗੂ ਸੰਤੋਖ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਮੋਦੀ ਸਰਕਾਰ ਇਸ ਕਾਲੇ ਕਾਨੂੰਨ ਨੂੰ ਵਾਪਸ ਨਹੀਂ ਲੈ ਲੈਂਦੀ। ਜੇ ਇਹ ਕਾਨੂੰਨ ਲਾਗੂ ਹੋ ਗਿਆ ਤਾਂ ਕਿਸਾਨੀ ਖਤਮ ਹੋ ਜਾਏਗੀ ਤੇ ਕਿਸਾਨ ਖੁਦਕੁਸ਼ੀਆਂ ਕਰ ਲੈਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਪਹਿਲਾਂ ਹੀ ਕਰਜ਼ੇ ਹੇਠ ਆਇਆ ਹੋਇਆ ਹੈ, ਉਪਰੋਂ ਕਾਰਪੋਰੇਟ ਘਰਾਣੇ ਕਿਸਾਨੀ ਨੂੰ ਖਤਮ ਕਰ ਦੇਣਗੇ। ਇਹ ਵੀ ਪਤਾ ਲੱਗਾ ਹੈ ਕਿ ਟੌਲ ਪਲਾਜ਼ਾ ਤੋਂ ਮੁਫਤ ਗੱਡੀਆਂ ਲੰਘਵਾਉਣ ਨਾਲ ਰੋਜ਼ਾਨਾ ਤਕਰੀਬਨ 50 ਲੱਖ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਉਹ ਕਿਸੇ ਦੇ ਕਹਿਣ ’ਤੇ ਇਥੋਂ ਧਰਨਾ ਨਹੀਂ ਚੁੱਕਣਗੇ। ਕਿਸਾਨਾਂ ਲਈ ਤਿੰਨੋਂ ਟਾਈਮ ਦਾ ਲੰਗਰ ਇੱਥੇ ਹੀ ਤਿਆਰ ਹੋ ਰਿਹਾ ਹੈ ਤੇ ਉਨ੍ਹਾਂ ਕੇਂਦਰ ਖਿਲਾਫ਼ ਆਪਣਾ ਰੁਖ਼ ਹੋਰ ਤਿੱਖਾ ਕਰ ਲਿਆ ਹੈ।