ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 21 ਨਵੰਬਰ
ਲੰਮੀ ਹੇਕ ਵਾਲੀ ਗਾਇਕਾ ਵਜੋਂ ਮਕਬੂਲ ਗੁਰਮੀਤ ਬਾਵਾ ਦਾ ਅੱਜ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਵਿਛੋੜੇ ਨਾਲ ਪੰਜਾਬੀ ਸੰਗੀਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਗੁਰਮੀਤ ਬਾਵਾ ਨੂੰ ਸ਼ਨਿਚਰਵਾਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿੱਥੇ ਅੱਜ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਹ 77 ਵਰ੍ਹਿਆਂ ਦੇ ਸਨ ਅਤੇ ਉਨ੍ਹਾਂ 55 ਵਰ੍ਹੇ ਗਾਇਕੀ ਦੇ ਖੇਤਰ ਵਿੱਚ ਯੋਗਦਾਨ ਪਾਇਆ।
ਇੱਕ ਅਧਿਆਪਕ ਵਜੋਂ ਆਪਣਾ ਜੀਵਨ ਸ਼ੁਰੂ ਕਰਨ ਵਾਲੀ ਗੁਰਮੀਤ ਬਾਵਾ ਨੇ ਸਰਕਾਰੀ ਨੌਕਰੀ ਛੱਡ ਕੇ ਗਾਇਕੀ ਨੂੰ ਅਪਣਾ ਲਿਆ ਸੀ। ਉਨ੍ਹਾਂ ਦੇ ਪਤੀ ਕਿਰਪਾਲ ਬਾਵਾ, ਜੋ ਕਿ ਖ਼ੁਦ ਵੀ ਗਾਇਕ ਸਨ, ਹੀ ਉਨ੍ਹਾਂ ਨੂੰ ਗਾਇਕੀ ਵਿੱਚ ਲੈ ਕੇ ਆਏ ਸਨ। ਉਨ੍ਹਾਂ 35 ਦੇਸ਼ਾਂ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਤੇ ਪੰਜਾਬੀ ਗਾਇਕੀ ਦੀ ਧਾਂਕ ਜਮਾਈ। ਜਾਰਜੀਆ ਵਿੱਚ ਉਹ ਜਦੋਂ ਇੱਕ ਪ੍ਰੋਗਰਾਮ ’ਤੇ ਗਏ ਤਾਂ ਉੱਥੇ ਉਨ੍ਹਾਂ ਜਦੋਂ ਗੀਤ ਛੋਹਿਆ ਤਾਂ ਉਨ੍ਹਾਂ ਦੀ 45 ਸੈਕਿੰਡ ਲੰਬੀ ਹੇਕ ਰਿਕਾਰਡ ਕੀਤੀ ਗਈ, ਜਿਹੜਾ ਦੁਨੀਆ ਦੀ ਸਭ ਤੋਂ ਲੰਮੀ ਹੇਕ ਦਾ ਰਿਕਾਰਡ ਸੀ। ਗੁਰਮੀਤ ਬਾਵਾ ਵੱਲੋਂ ਗਾਇਆ ਮਿਰਜ਼ਾ, ਜੁਗਨੀ, ਕੁਹਾਰੋ ਡੋਲੀ ਨਾ ਚਾਇਓ, ਅਨੇਕਾਂ ਸ਼ਗਨਾਂ ਦੇ ਗੀਤ, ਸੁਹਾਗ, ਘੋੜੀਆਂ, ਟੱਪੇ ਆਦਿ ਅੱਜ ਵੀ ਲੋਕਾਂ ਦੇ ਮਨਾਂ ਵਿੱਚ ਉਕਰੇ ਹੋਏ ਹਨ। ਉਨ੍ਹਾਂ ਨੂੰ ਪੰਜਾਬ ਕਲਾ ਪ੍ਰੀਸ਼ਦ ਵੱਲੋਂ ਪੰਜਾਬ ਗੌਰਵ ਐਵਾਰਡ, ਨੈਸ਼ਨਲ ਸੰਗੀਤ ਨਾਟਕ ਅਕਾਦਮੀ ਦਾ ਰਾਸ਼ਟਰਪਤੀ ਐਵਾਰਡ, ਪੰਜਾਬ ਸੰਗੀਤ ਨਾਟਕ ਅਕਾਦਮੀ ਪੁਰਸਕਾਰ, ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਗਾਇਕਾ ਪੁਰਸਕਾਰ, ਪੰਜਾਬ ਸੰਗੀਤ ਨਾਟਕ ਅਕਾਦਮੀ ਪੁਰਸਕਾਰ, ਕਲਪਨਾ ਚਾਵਲਾ ਐਵਾਰਡ ਤੇ ਹੋਰ ਅਨੇਕਾਂ ਸਨਮਾਨ ਮਿਲੇ। ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਗੁਰਮੀਤ ਬਾਵਾ ਬਾਰੇ ਡਾਕੂਮੈਂਟਰੀ ਫ਼ਿਲਮ ‘ਲੰਮੀ ਹੇਕ ਵਾਲੀ ਗਾਇਕਾ-ਗੁਰਮੀਤ ਬਾਵਾ’ ਵੀ ਬਣਾਈ ਸੀ। ਉਨ੍ਹਾਂ ਬਾਰੇ ਇੱਕ ਪੁਸਤਕ ਵੀ ਲਿਖੀ ਗਈ। ਗੁਰਮੀਤ ਬਾਵਾ ਦੇ ਦੇਹਾਂਤ ’ਤੇ ਕੇਵਲ ਧਾਲੀਵਾਲ, ਭੁਪਿੰਦਰ ਸਿੰਘ ਸੰਧੂ, ਰਮੇਸ਼ ਯਾਦਵ, ਦਿਲਬਾਗ ਸਿੰਘ ਸਰਕਾਰੀਆ, ਜਸਵੰਤ ਸਿੰਘ ਜੱਸ ਨੇ ਦੁੱਖ ਪ੍ਰਗਟ ਕੀਤਾ ਹੈ।
ਰੰਧਾਵਾ ਤੇ ਪਰਗਟ ਸਿੰਘ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ: ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਗੁਰਮੀਤ ਬਾਵਾ ਉਹ ਬੁਲੰਦ ਆਵਾਜ਼ ਸੀ, ਜਿਸ ਨੇ ਆਪਣੀ ਸਾਫ਼ ਸੁਥਰੀ ਤੇ ਅਰਥ ਭਰਪੂਰ ਗਾਇਕੀ ਨਾਲ ਅੱਧੀ ਸਦੀ ਤੋਂ ਵੱਧ ਪੰਜਾਬੀ ਲੋਕ ਸੰਗੀਤ ਦੀ ਸੇਵਾ ਕੀਤੀ। ਪਰਗਟ ਸਿੰਘ ਨੇ ਕਿਹਾ ਕਿ ਗੁਰਮੀਤ ਬਾਵਾ ਨੇ ਪੰਜਾਬੀ ਮਾਂ ਬੋਲੀ, ਸੱਭਿਆਚਾਰ ਤੇ ਲੋਕ ਸੰਗੀਤ ਦੀ ਲੰਮਾ ਸਮਾਂ ਸੇਵਾ ਕੀਤੀ ਹੈ। ਇਸੇ ਦੌਰਾਨ ਫੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ, ਭੁਪਿੰਦਰ ਸਿੰਘ ਸੰਧੂ, ਮਨਜੀਤ ਸਿੰਘ ਧਾਲੀਵਾਲ ਆਦਿ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ।