ਇਕਬਾਲ ਸਿੰਘ ਸ਼ਾਂਤ
ਲੰਬੀ, 19 ਨਵੰਬਰ
ਪਿੰਡ ਮਾਹੂਆਣਾ ਵਿੱਚ ਕਰੋਨਾ ਮਹਾਮਾਰੀ ਕਾਰਨ ਮਾਂ ਅਤੇ ਪਤਨੀ ਗੁਆਉਣ ਵਾਲੇ ਕਿਸਾਨ ਜਗਵਿੰਦਰਪਾਲ ਸਿੰਘ ਜੱਗੀ ਨੇ ਖੁਦ ਨੂੰ ਅਤੇ 25 ਸਾਲਾ ਪੁੱਤਰੀ ਨੂੰ ਗੋਲੀ ਮਾਰ ਦਿੱਤੀ। ਇਸ ਕਾਰਨ ਕਿਸਾਨ ਦੀ ਮੌਤ ਹੋ ਗਈ ਜਦ ਕਿ ਉਸ ਦੀ ਧੀ ਵਿਸ਼ਵਦੀਪ ਕੌਰ ਨੂੰ ਗੰਭੀਰ ਹਾਲਤ ਵਿਚ ਲੁਧਿਆਣਾ ਲਿਜਾਇਆ ਗਿਆ ਹੈ। ਪਿੰਡ ਦੇ ਸਾਬਕਾ ਸਰਪੰਚ ਅਮਰਜੀਤ ਸਿੰਘ ਦੇ ਪੁੱਤਰ ਜਗਵਿੰਦਰਪਾਲ ਸਿੰਘ ਜੱਗੀ ਦੀ ਮਾਤਾ ਕੁਲਦੀਪ ਕੌਰ ਅਤੇ ਪਤਨੀ ਰਵਨੀਤ ਕੌਰ ਦੀ ਕਰੋਨਾ ਕਾਰਨ ਮਈ ਮਹੀਨੇ ਵਿਚ ਦਸ ਦਿਨਾਂ ਦੇ ਵਕਫੇ ਵਿਚ ਦਮ ਤੋੜ ਗਈਆਂ ਸਨ।
ਇਸ ਕਾਰਨ ਜੱਗੀ ਅਤੇ ਵਿਸ਼ਵਦੀਪ ਸਦਮੇ ਵਿੱਚ ਸਨ। ਪਿੰਡ ਵਾਸੀਆਂ ਅਨੁਸਾਰ ਪਿਓ-ਧੀ ਰੋਂਦੇ ਰਹਿੰਦੇ ਸਨ। ਮੁੱਢਲੀ ਜਾਣਕਾਰੀ ਮੁਤਾਬਿਕ ਉਨ੍ਹਾਂ ਕੋਲ ਅੱਜ-ਕੱਲ੍ਹ ਜੱਗੀ ਦਾ ਭਾਣਜਾ ਅਨਮੋਲ ਵਾਸੀ ਚਨੂੰ ਰਹਿੰਦਾ ਸੀ। ਅੱਜ ਸਵੇਰੇ ਕਰੀਬ ਪੌੌਣੇ ਸੱਤ ਵਜੇ ਜੱਗੀ ਨੇ ਅਨਮੋਲ ਨੂੰ ਧਾਰਾਂ ਕੱਢਣ ਕੱਢਣ ਲਈ ਭੇਜ ਦਿੱਤਾ। ਉਸੇ ਦੌਰਾਨ ਜੱਗੀ ਨੇ ਪਿਸਤੌਲ ਨਾਲ ਵਿਸ਼ਵਦੀਪ ਕੌਰ ਦੇ ਸਿਰ ਵਿਚ ਗੋਲੀ ਮਾਰੀ ਤੇ ਅਤੇ ਫਿਰ ਆਪਣੇ ਸਿਰ ਵਿਚ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਗੋਲੀ ਦੀ ਆਵਾਜ਼ ਦੀ ਸੁਣ ਕੇ ਅਨਮੋਲ ਉੱਥੇ ਪੁੱਜਿਆ ਤਾਂ ਦੋਵੇਂ ਜ਼ਖ਼ਮੀ ਹਾਲਤ ਵਿਚ ਪਏ ਸਨ। ਪਿੰਡ ਵਾਸੀਆਂ ਦੋਵਾਂ ਨੂੰ ਮਲੋਟ ਲੈ ਗਏ, ਜਿਥੇ ਜੱਗੀ ਨੂੰ ਬਠਿੰਡਾ ਅਤੇ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਡੀਐੱਸਪੀ ਜਸਪਾਲ ਸਿੰਘ ਨੇ ਕਿਹਾ ਕਿ ਘਟਨਾ ਬਾਰੇ ਪੜਤਾਲ ਕੀਤੀ ਜਾ ਰਹੀ ਹੈ।