ਚਰਨਜੀਤ ਭੁੱਲਰ
ਚੰਡੀਗੜ੍ਹ, 9 ਜੁਲਾਈ
ਪੰਜਾਬ ਦੇ ਕਰੀਬ ਸੱਤ ਹਜ਼ਾਰ ਕਿਸਾਨ ਚੇਅਰਮੈਨ ਕੋਟੇ ਦੇ ਖੇਤੀ ਮੋਟਰਾਂ ਦੇ ਅਲਾਟ ਹੋਏ ਕੁਨੈਕਸ਼ਨ ਨਾ ਮਿਲਣ ਕਾਰਨ ਕਸੂਤੇ ਫਸ ਗਏ ਹਨ। ਇਨ੍ਹਾਂ ਨੂੰ ਸਾਢੇ ਪੰਜ ਵਰ੍ਹਿਆਂ ਮਗਰੋਂ ਵੀ ਕੁਨੈਕਸ਼ਨ ਨਹੀਂ ਮਿਲੇ। ਅਕਾਲੀ-ਭਾਜਪਾ ਗੱਠਜੋੜ ਸਰਕਾਰ ਵੇਲੇ ਐਨ ਚੋਣਾਂ ਤੋਂ ਪਹਿਲਾਂ ਦਸੰਬਰ 2016 ਵਿੱਚ ਚੇਅਰਮੈਨ ਕੋਟੇ ਵਾਲੇ ਟਿਊਬਵੈਲ ਕੁਨੈਕਸ਼ਨ ਅਲਾਟ ਕੀਤੇ ਗਏ ਸਨ। ਉਦੋਂ ਚਰਚੇ ਸਨ ਕਿ ਇਹ ਕੁਨੈਕਸ਼ਨ ਕਿਸਾਨਾਂ ਨੂੰ ਸਿਆਸੀ ਚੌਧਰੀਆਂ ਨੇ ਮੁੱਲ ਵੇਚੇ ਸਨ। ਚੇਅਰਮੈਨ ਕੋਟੇ ਦੇ ਕੁਨੈਕਸ਼ਨ ਢਾਈ ਤੋਂ ਪੰਜ ਏਕੜ ਤੱਕ ਵਾਲੀ ਜ਼ਮੀਨ ਦੇ ਕਿਸਾਨਾਂ ਨੂੰ ਦਿੱਤੇ ਗਏ ਸਨ। ਬਾਦਲਾਂ ਦਾ ਗੜ੍ਹ ਰਹੇ ਬਠਿੰਡਾ ਸੰਸਦੀ ਹਲਕੇ ’ਚ ਜਨਤਕ ਸਮਾਗਮ ਕਰਕੇ ਚੇਅਰਮੈਨ ਕੋਟੇ ਵਾਲੇ ਕੁਨੈਕਸ਼ਨ ਵੰਡੇ ਗਏ ਸਨ। ਪੰਜਾਬ ਭਰ ਵਿਚ ਇਸ ਕੋਟੇ ਦੇ 6883 ਟਿਊਬਵੈੱਲ ਕੁਨੈਕਸ਼ਨ ਬਕਾਇਆ ਹਨ। ਇਨ੍ਹਾਂ ’ਚੋਂ ਸਭ ਤੋਂ ਵੱਧ ਜ਼ਿਲ੍ਹਾ ਬਠਿੰਡਾ ਦੇ 1527 ਕੁਨੈਕਸ਼ਨ ਹਨ। ਇਨ੍ਹਾਂ ਕਿਸਾਨਾਂ ਨੇ ਸਕਿਉਰਿਟੀ ਅਤੇ ਫੀਸ ਆਦਿ ਵੀ ਪਾਵਰਕੌਮ ਕੋਲ ਜਮ੍ਹਾਂ ਕਰਵਾ ਦਿੱਤੀ ਸੀ। ਪੰਜਾਬ ਭਰ ’ਚੋਂ 6543 ਕੁਨੈਕਸ਼ਨਾਂ ਦੀ ਸਕਿਉਰਿਟੀ ਜਮ੍ਹਾਂ ਹੋ ਚੁੱਕੀ ਹੈ ਜਿਸ ’ਚੋਂ 15 ਜ਼ਿਲ੍ਹਿਆਂ ਦੇ 6441 ਕੁਨੈਕਸ਼ਨਾਂ ਦੀ ਪ੍ਰੋਸੈਸਿੰਗ ਫੀਸ ਤੇ ਤਤਕਾਲ ਫੀਸ ਵੀ ਅਦਾ ਹੋ ਚੁੱਕੀ ਹੈ। ਇਸ ਦੀ ਕਰੋੜਾਂ ਰੁਪਏ ਦੀ ਰਾਸ਼ੀ ਪਾਵਰਕੌਮ ਦੇ ਖ਼ਜ਼ਾਨੇ ਵਿਚ ਪਈ ਹੈ। ਜਦੋਂ ਪੰਜਾਬ ’ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਸੀ ਤਾਂ 14 ਮਾਰਚ 2018 ਨੂੰ ਨਵੇਂ ਖੇਤੀ ਕੁਨੈਕਸ਼ਨਾਂ ’ਤੇ ਰੋਕ ਲਾ ਦਿੱਤੀ ਗਈ ਸੀ। ਚੇਅਰਮੈਨ ਕੋਟੇ ਦੇ ਪਟਿਆਲਾ ਜ਼ਿਲ੍ਹੇ ’ਚ 1039, ਫ਼ਰੀਦਕੋਟ ’ਚ 336, ਸੰਗਰੂਰ ਜ਼ਿਲ੍ਹੇ ’ਚ 637, ਲੁਧਿਆਣਾ ਜ਼ਿਲ੍ਹੇ ’ਚ 358, ਮਾਨਸਾ ਜ਼ਿਲ੍ਹੇ ’ਚ 188, ਮੁਕਤਸਰ ’ਚ 178, ਫਾਜ਼ਿਲਕਾ ’ਚ 105, ਪਠਾਨਕੋਟ ਜ਼ਿਲ੍ਹੇ ’ਚ 340 ਤੇ ਗੁਰਦਾਸਪੁਰ ਜ਼ਿਲ੍ਹੇ ’ਚ 251 ਕੁਨੈਕਸ਼ਨ ਅਲਾਟ ਕੀਤੇ ਗਏ ਸਨ।
ਕਿਸਾਨਾਂ ਦੀ ਮੰਗ ਹੈ ਕਿ ਇਹ ਕੁਨੈਕਸ਼ਨ ਜਲਦੀ ਜਾਰੀ ਕੀਤੇ ਜਾਣ। ਇਹ ਵੀ ਮੰਗ ਕੀਤੀ ਗਈ ਹੈ ਕਿ ਜੇ ਪਾਵਰਕੌਮ ਕੁਨੈਕਸ਼ਨ ਜਾਰੀ ਨਹੀਂ ਕਰਦੀ ਤਾਂ ਕਿਸਾਨਾਂ ਵੱਲੋਂ ਭਰੀ ਰਾਸ਼ੀ ਵਿਆਜ ਸਣੇ ਵਾਪਸ ਕੀਤੀ ਜਾਵੇ। ਦੱਸਣਾ ਬਣਦਾ ਹੈ ਕਿ ਉਸ ਵੇਲੇ ਚੇਅਰਮੈਨ ਕੋਟੇ ਦੇ ਕੁਨੈਕਸ਼ਨ ਉਹੀ ਅਮਲ ’ਚ ਆਏ ਸਨ ਜਿਨ੍ਹਾਂ ਦੀਆਂ ਟੈਸਟ ਰਿਪੋਰਟਾਂ ਹੋ ਚੁੱਕੀਆਂ ਸਨ। ਇਸੇ ਤਰ੍ਹਾਂ ਜਨਰਲ ਕੋਟੇ ਵਾਲੇ ਕੁਨੈਕਸ਼ਨ ਵੀ ਲੱਖਾਂ ਦੀ ਗਿਣਤੀ ਵਿਚ ਬਕਾਇਆ ਪਏ ਹਨ ਜਿਨ੍ਹਾਂ ਦਾ ਨਿਪਟਾਰਾ ਨਹੀਂ ਹੋਇਆ। ਕਾਂਗਰਸੀ ਹਕੂਮਤ ਨੇ 2017 ਵਿਚ ਮੀਟਰਡ ਕੁਨੈਕਸ਼ਨ ਪਾਲਿਸੀ ਬਣਾਈ ਸੀ ਜਿਸ ਤਹਿਤ ਵੱਡੀ ਗਿਣਤੀ ਕਿਸਾਨਾਂ ਨੇ ਅਪਲਾਈ ਕੀਤਾ ਸੀ ਤੇ ਕੁਝ ਕੁਨੈਕਸ਼ਨ ਜਾਰੀ ਵੀ ਹੋ ਗਏ ਸਨ ਅਤੇ ਖੇਤੀ ਮੋਟਰਾਂ ’ਤੇ ਮੀਟਰ ਲਗਾਏ ਗਏ ਸਨ। ਚੰਨੀ ਹਕੂਮਤ ਨੇ ਖੇਤੀ ਮੋਟਰਾਂ ਤੋਂ ਮੀਟਰ ਲੁਹਾ ਦਿੱਤੇ ਸਨ।
ਚੇਅਰਮੈਨ ਕੋਟਾ ਖ਼ਤਮ ਕਰਨ ਦੀ ਵਕਾਲਤ
ਪੰਜਾਬ ਵਿਚ ਔਸਤਨ ਪੰਜ ਏਕੜ ਪਿੱਛੇ ਇੱਕ ਖੇਤੀ ਕੁਨੈਕਸ਼ਨ ਹੈ। ਇੱਥੇ ਕਰੀਬ 30 ਲੱਖ ਹੈਕਟੇਅਰ ਰਕਬੇ ਵਿਚ ਝੋਨੇ ਦੀ ਲੁਆਈ ਹੁੰਦੀ ਹੈ ਅਤੇ ਖੇਤੀ ਮੋਟਰਾਂ ਦੇ ਕੁਨੈਕਸ਼ਨਾਂ ਦੀ ਗਿਣਤੀ 14.50 ਲੱਖ ਬਣਦੀ ਹੈ। ਇਸ ਲਿਹਾਜ਼ ਨਾਲ ਦੇਖੀਏ ਤਾਂ ਔਸਤਨ ਇੱਕ ਮੋਟਰ ’ਤੇ ਦੋ ਹੈਕਟੇਅਰ ਝੋਨਾ ਲਾਇਆ ਜਾ ਰਿਹਾ ਹੈ। ਪਾਵਰਕੌਮ ਨੇ 2019-20 ਵਿਚ ਚੇਅਰਮੈਨ ਕੋਟਾ ਖਤਮ ਕੀਤੇ ਜਾਣ ਦੀ ਗੱਲ ਪਾਲਿਸੀ ਵਿਚ ਆਖ ਦਿੱਤੀ ਸੀ ਕਿਉਂਕਿ ਇਹ ਕੋਟਾ ਵਿਤਕਰੇ ਦਾ ਮੁੱਢ ਬੰਨ੍ਹਦਾ ਹੈ।