ਇਕਬਾਲ ਸਿੰਘ ਸ਼ਾਂਤ
ਲੰਬੀ, 23 ਜਨਵਰੀ
ਪੰਜਾਬ ਲੋਕ ਕਾਂਗਰਸ ਪਾਰਟੀ (ਪੀਐੱਲਸੀ) ਨੂੰ ਭਾਜਪਾ ਤੇ ਅਕਾਲੀ ਦਲ ਸੰਯੁਕਤ ਨਾਲ ਗੱਠਜੋੜ ਤਹਿਤ ਹਿੱਸੇ ਆਏ 38 ਵਿਧਾਨ ਸਭਾ ਹਲਕਿਆਂ ਦੀ ਸੂਚੀ ’ਚੋਂ ਅਮਰਿੰਦਰ ਸਿੰਘ ਦਾ 2017 ਦਾ ਚੋਣ ਖੇਤਰ ਲੰਬੀ ਅਤੇ ਬਿਕਰਮ ਸਿੰਘ ਮਜੀਠੀਆ ਦਾ ਹਲਕਾ ਮਜੀਠਾ ਗਾਇਬ ਹਨ। ਸਿਆਸੀ ਸੂਤਰਾਂ ਮੁਤਾਬਕ ਅਮਰਿੰਦਰ ਸਿੰਘ ਨੇ ਦੋਵੇਂ ਸੀਟਾਂ ਲੈਣ ਤੋਂ ਨਾਂਹ ਕਰ ਦਿੱਤੀ ਹੈ।
ਭਰੋਸੇਯੋਗ ਸੂਤਰਾਂ ਮੁਤਾਬਕ ਭਾਜਪਾ ਨੇ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਨੂੰ 2017 ’ਚ ਕੈਪਟਨ ਦਾ ਚੋਣ ਹਲਕਾ ਰਿਹਾ ਹੋਣ ਕਰਕੇ ਲੰਬੀ ਤੋਂ ਚੋਣ ਲੜਨ ਨੂੰ ਆਖਿਆ ਸੀ। ਦਬਾਅ ਪੈਣ ’ਤੇ ਕੈਪਟਨ ਨੂੰ ਲੰਬੀ ’ਚੋਂ ਚੋਣ ਲੜਨ ਲਈ ਕੋਈ ਢੁੱਕਵਾਂ ਚਿਹਰਾ ਨਾ ਵਿਖਾਈ ਦਿੱਤਾ ਤਾਂ ਉੁਨ੍ਹਾਂ ਲੰਬੀ ਹਲਕੇ ਵਿਚਲੇ ਇੱਕ ਓਐੱਸਡੀ ਨੂੰ ਚੋਣ ਲੜਨ ਲਈ ਇਸ਼ਾਰਾ ਕੀਤਾ ਪਰ ਲੰਬੀ ’ਚ ਸਾਢੇ ਚਾਰ ਦੀਆਂ ਕਾਰਗੁਜ਼ਾਰੀਆਂ ਵੇਖ ਕੇ ਉਸ ਨੇ ਪੈਰ ਨਾ ਲਗਾਏ। ਪਤਾ ਲੱਗਿਆ ਕਿ ਕੈਪਟਨ ਦੇ ਦਬਾਅ ਹੇਠ ਉਸ ਨੇ ਅੱਧੀ ਕੁ ਦਰਜਨ ਸੰਗੀਆਂ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਵੀ ਉਸ ਨੂੰ ਵੋਟਾਂ ਸਾਢੇ 11 ਸੌ ਤੋਂ ਅਗਾਂਹ ਨਾ ਵਧਣ ਦੀ ਗੱਲ ਆਖੀ। ਸੂਤਰ ਆਖ ਰਹੇ ਹਨ ਕਿ ਅਮਰਿੰਦਰ ਸਿੰਘ ਨੇ ਮਜੀਠੀਆ ਪਰਿਵਾਰ ਨਾਲ ਜੱਦੀ ਸਾਂਝ ਕਰਕੇ ਮਜੀਠਾ ਸੀਟ ਆਪਣੇ ਹਿੱਸੇ ਲੈਣ ਤੋਂ ਨਾਂਹ ਕਰ ਦਿੱਤੀ। ਹਾਲਾਂਕਿ ਅਮਰਿੰਦਰ ਸਿੰਘ ਮੁੱਖ ਮੰਤਰੀ ਹੁੰਦਿਆਂ ਬਿਕਰਮ ਮਜੀਠੀਆ ਬਾਰੇ ਤਿੱਖੇ ਬਿਆਨ ਦਿੰਦੇ ਸਨ।
ਲੰਬੀ ਤੋਂ ਭਾਜਪਾ ਟਿਕਟ ’ਤੇ ਚੋਣ ਲੜਨ ਦੇ ਚਾਹਵਾਨ ਇੱਕ ਆਗੂ ਨੇ ਦੱਸਿਆ ਕਿ ਓਐੱਸਡੀ ਨੇ ਉਸ ਨਾਲ ਵੀ ਰਾਬਤਾ ਬਣਾਇਆ ਸੀ ਅਤੇ ਆਪਣਾ ਖਹਿੜਾ ਛੁਡਾਉਣ ਲਈ ਲੰਬੀ ਹਲਕੇ ’ਚ ਭਾਜਪਾ ਦੀ ਸਿਆਸੀ ਜ਼ਮੀਨ ਕਾਫ਼ੀ ਮਜ਼ਬੂਤ ਹੋਣ ਅਤੇ ਪੀਐੱਲਸੀ ਦੀ ਪੂਰੀ ਹਮਾਇਤ ਦੇ ਦਾਅਵੇ ਕਰ ਰਿਹਾ ਸੀ।
ਲੰਬੀ ’ਚ ਵੱਡੇ ਬਾਦਲ ਤੋਂ 22,770 ਵੋਟਾਂ ਨਾਲ ਹਾਰੇ ਸਨ ਕੈਪਟਨ
ਅਮਰਿੰਦਰ ਸਿੰਘ 2017 ਵਿੱਚ ਲੰਬੀ ਹਲਕੇ ਤੋਂ ਪ੍ਰਕਾਸ਼ ਸਿੰਘ ਬਾਦਲ ਤੋਂ 22,770 ਵੋਟਾਂ ਦੇ ਫ਼ਰਕ ਨਾਲ ਹਾਰ ਗਏ ਸਨ। ਉਸ ਸਮੇਂ ਵਿਰੋਧੀਆਂ ਨੇ ਅਮਰਿੰਦਰ ਸਿੰਘ ’ਤੇ ਵੱਡੇ ਬਾਦਲ ਨੂੰ ਜਿਤਾਉਣ ਲਈ ਲੰਬੀ ਤੋਂ ਚੋਣ ਲੜਨ ਦੇ ਦੋਸ਼ ਲਗਾਏ ਸਨ। ਮੁੱਖ ਮੰਤਰੀ ਬਣਨ ਮਗਰੋਂ ਅਮਰਿੰਦਰ ਸਿੰਘ ਨੇ ਸਾਢੇ ਚਾਰ ਸਾਲ ਲੰਬੀ ਦੀ ਭੋਰਾ ਸਾਰ ਨਹੀਂ ਲਈ। ਨਾ ਹੀ ਕੈਪਟਨ ਨੇ ਚੋਣਾਂ ਸਮੇਂ ਲੰਬੀ ਦੇ ਕਾਂਗਰਸੀਆਂ ਨਾਲ ਕੀਤੇ ਸਿਖ਼ਰਲੇ ਵਾਅਦੇ ਨਿਭਾਉਣ ਦੀ ਜ਼ੁਬਾਨ ਪੁਗਾਈ। ਸਗੋਂ ਉਨ੍ਹਾਂ ਦੇ ਪੁੱਤਰ ਦੇ ਇੱਕ ਚਹੇਤੇ ਦੀਆਂ ਕਥਿਤ ਧੱਕੇਸ਼ਾਹੀਆਂ ਤੇ ਆਪਹੁਦਰੀਆਂ ਨੇ ਲੰਬੀ ਹਲਕੇ ਦਾ ਸਥਾਪਤ ਕਾਂਗਰਸੀ ਢਾਂਚਾ ਤਪਾਈ ਰੱਖਿਆ।