ਹਮੀਰ ਸਿੰਘ
ਮਹਿਲ ਖੁਰਦ, 21 ਜੁਲਾਈ
ਨਸ਼ੇ ਦੀ ਓਵਰਡੋਜ਼ ਨਾਲ ਭਰ ਜਵਾਨੀ ਵਿੱਚ ਚਲੇ ਗਏ ਪੁੱਤਰ ਤੋਂ ਪਿੱਛੋਂ ਮਾਤਾ ਅਮਰਜੀਤ ਕੌਰ ਨੂੰ ਇਕਲਾਪਾ ਵੱਢ-ਵੱਢ ਖਾ ਰਿਹਾ ਹੈ। ਉਸ ਦੀਆਂ ਚੀਜ਼ਾਂ ਨਾਲ ਮੋਹ ਪਾਲੀ ਬੈਠੀ ਮਾਂ ਉਸ ਨਾਲ ਸਬੰਧਤ ਹਰ ਸਾਮਾਨ ਨੂੰ ਸੰਭਾਲ ਕੇ ਬੈਠੀ ਹੈ। ਊਹ ਆਪਣੇ ਪੁੱਤ ਦਾ ਟਰੈਕਟਰ ਤੱਕ ਵੀ ਵੇਚ ਨਹੀਂ ਰਹੀ। ਦੋ ਸਾਲ ਤੋਂ ਇਕੱਲੀ ਰਹਿ ਰਹੀ ਅਮਰਜੀਤ ਕੌਰ ਨੂੰ ਆਖਰ ਤਾਲਾਬੰਦੀ ਦੌਰਾਨ ਬੇਟੀ ਆਪਣੇ ਕੋਲ ਲੈ ਗਈ।
ਅਮਰਜੀਤ ਕੌਰ ਨੇ ਦੱਸਿਆ ਕਿ ਉਸ ਦੇ ਦੋ ਲੜਕੀਆਂ ਅਤੇ ਇੱਕ ਲੜਕਾ ਹੈ। ਬੇਟੀਆਂ ਵੱਡੀਆਂ ਹਨ ਅਤੇ ਆਪਣੇ ਘਰ ਸੁਖੀ ਵਸਦੀਆਂ ਹਨ। ਲੜਕੇ ਸੁਖਦੀਪ ਸਿੰਘ ਤੋਂ ਬੁਢਾਪੇ ਵਿੱਚ ਸੁੱਖ ਮਿਲਣ ਦੀ ਉਮੀਦ ਧਰੀ ਧਰਾਈ ਰਹਿ ਗਈ ਜਦੋਂ ਉਹ 9 ਜੁਲਾਈ 2018 ਨੂੰ ਨਸ਼ੇ ਦੀ ਓਵਰਡੋਜ਼ ਨਾਲ ਅਲਵਿਦਾ ਕਹਿ ਗਿਆ। ਉਸ ਦੀ ਲੱਤ ਵਿੱਚ ਸਰਿੰਜ ਲੱਗੀ ਹੋਈ ਮਿਲੀ ਸੀ ਜੋ ਮਰਨ ਤੋਂ ਪਿੱਛੋਂ ਹੀ ਕੱਢੀ ਗਈ। ਸੁਖਦੀਪ ਦੀ ਗਲੀ ਵਿੱਚ ਹੀ ਜਸਵਿੰਦਰ ਸਿੰਘ ਰਹਿੰਦਾ ਸੀ। ਇਨ੍ਹਾਂ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਇੱਕੋ ਦਿਨ ਇੱਕੋ ਸਮੇਂ ਇੱਕ ਪੁਲੀਸ ਅਧਿਕਾਰੀ ਦੇ ਘਰ ਮੂਹਰੋਂ ਮਿਲੀਆਂ ਸਨ।
ਮਾਂ ਦਾ ਮੋਹ ਹੀ ਹੈ ਕਿ ਅਜੇ ਵੀ ਉਹ ਪੁੱਤ ਵਿੱਚ ਨੁਕਸ ਕੱਢਣ ਲਈ ਤਿਆਰ ਨਹੀਂ। ਉਹ ਕਹਿੰਦੀ ਹੈ ਕਿ ਊਹ ਕੰਮ ਤਾਂ ਬਹੁਤ ਕਰਦਾ ਸੀ ਪਰ ਨਸ਼ੇ ਦੀ ਲੱਤ ਪਤਾ ਨਹੀਂ ਕਿੱਥੋਂ ਲੱਗ ਗਈ। ਊਸ ਦਾ ਪੁੱਤ ਜਦੋਂ ਤੋਂ ਨਸ਼ੇ ਵਿੱਚ ਲੱਗ ਗਿਆ ਤਾਂ ਕਰਜ਼ਾ ਚੜ੍ਹਦਾ ਗਿਆ। ਹੁਣ ਵੀ ਛੇ ਲੱਖ ਰੁਪਏ ਦਾ ਕਰਜ਼ਾ ਹੈ। ਸੁਖਦੀਪ ਦੇ ਵਿਆਹ ਨੂੰ ਡੇਢ ਸਾਲ ਹੋਇਆ ਸੀ। ਨਸ਼ੇ ਕਾਰਨ ਹੀ ਊਸ ਦੀ ਪਤਨੀ ਛੱਡ ਕੇ ਚਲੀ ਗਈ ਅਤੇ ਬਾਅਦ ਵਿੱਚ ਤਲਾਕ ਹੋ ਗਿਆ। ਉਹ ਕਹਿੰਦੀ ਹੈ ਕਿ ਕਰਜ਼ਾ ਲੈਣ ਵਾਲੇ ਆਉਂਦੇ ਹਨ ਅਤੇ ਧਮਕੀਆਂ ਵੀ ਦਿੰਦੇ ਹਨ ਪਰ ਇੱਕਲੀ ਔਰਤ ਕੀ ਕਰ ਸਕਦੀ ਹੈ। ਪਹਿਲਾਂ ਉਹ ਆਪਣੀ ਢਾਈ ਏਕੜ ਜ਼ਮੀਨ ਵਿਚ ਖੇਤੀ ਕਰਦੀ ਸੀ। ਹੁਣ ਉਹ ਠੇਕੇ ਉੱਤੇ ਦਿੱਤੀ ਹੋਈ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ ਸੁਖਦੀਪ ਲਗਪਗ ਸੱਤ-ਅੱਠ ਸਾਲਾਂ ਤੋਂ ਨਸ਼ੇ ਦੀ ਦਲਦਲ ਵਿੱਚ ਫਸ ਗਿਆ ਸੀ। ਅਮਰਜੀਤ ਕੌਰ ਨੇ ਦੱਸਿਆ ਕਿ ਊਸ ਦਾ ਨਸ਼ਾ ਛੁਡਾਉਣ ਦੀ ਕੋਸ਼ਿਸ਼ ਵੀ ਕੀਤੀ ਸੀ। ਊਸ ਨੂੰ 12 ਦਿਨ ਤੱਕ ਨਸ਼ਾ ਛੁਡਾਊ ਕੇਂਦਰ ਵਿੱਚ ਰੱਖਿਆ ਗਿਆ। ਊਥੇ ਜ਼ਿਆਦਾ ਦੇਰ ਰੱਖਣ ਲਈ ਪੈਸਾ ਵੀ ਚਾਹੀਦਾ ਹੈ। ਊਸ ਦੀ ਮਾਂ ਹਉਕਾ ਭਰ ਕੇ ਕਹਿੰਦੀ ਹੈ ਕਿ ਜੇਕਰ ਨਸ਼ਾ ਛੱਡ ਜਾਂਦਾ ਉਸ ਦਾ ਘਰ ਵੀ ਵੱਸ ਜਾਂਦਾ।
ਊਨ੍ਹਾਂ ਦੇ ਘਰ ਦੇ ਵਰਾਂਡੇ ਵਿੱਚ 3511 ਟਰੈਕਟਰ ਖੜ੍ਹਾ ਹੈ। ਅੱਧੀ ਦਰਜਨ ਤੋਂ ਵੱਧ ਪਸ਼ੂ ਬੰਨ੍ਹਣ ਵਾਲੀ ਖੁਰਲੀ ਅਤੇ ਨਾਲ ਬੱਝੇ ਰੱਸੇ ਅਜੇ ਵੀ ਕਿਸੇ ਛੋਟੀ ਡੇਅਰੀ ਦਾ ਭੁਲੇਖਾ ਪਾ ਰਹੇ ਹਨ। ਮਾਂ ਅਨੁਸਾਰ ਉਹ ਛੇ-ਸੱਤ ਪਸ਼ੂ ਰੱਖਦਾ ਸੀ ਪਰ ਹੁਣ ਤਾਂ ਇੱਕ ਕੱਟੀ ਹੀ ਰਹਿ ਗਈ ਹੈ। ਅਮਰਜੀਤ ਕੌਰ ਨੇ ਕਿਹਾ ਕਿ ਇਹ ਉਸ ਦੀਆਂ ਨਿਸ਼ਾਨੀਆਂ ਹਨ ਕਿਉਂਕਿ ਇਕੱਲੀ ਔਰਤ ਨੂੰ ਘਰ ਵੱਢ ਖਾਣ ਨੂੰ ਪੈਂਦਾ ਹੈ। ਇਸ ਵੇਲੇ ਸਾਰਾ ਕੁਝ ਊਸ ਦੀਆਂ ਨਿਸ਼ਾਨੀਆਂ ’ਤੇ ਨਿਰਭਰ ਹੈ। ਬੇਟੀ ਕੁਲਦੀਪ ਕੌਰ ਅਤੇ ਸਰਬਜੀਤ ਕੌਰ ਦੋਵੇਂ ਵਿਆਹੀਆਂ ਹੋਈਆਂ ਹਨ। ਮਾਤਾ ਦਾ ਸਮਾਂ ਲੰਘਾਉਣ ਲਈ ਉਹ ਚੱਕਰ ਮਾਰਦੀਆਂ ਰਹਿੰਦੀਆਂ ਹਨ। ਕੁਲਦੀਪ ਕੌਰ ਨੇ ਕਿਹਾ ਕਿ ਉਹ ਹਰ ਹਫ਼ਤੇ ਪੇਕੇ ਗੇੜਾ ਲਗਾਉਂਦੇ ਹਨ ਤੇ ਖਾਣ ਪੀਣ ਦਾ ਸਾਮਾਨ ਦੇ ਜਾਂਦੇ ਹਨ। ਬਜ਼ੁਰਗ ਹੋਣ ਕਰਕੇ ਮਾਤਾ ਦੀਆਂ ਸਰੀਰਕ ਸਮੱਸਿਆਵਾਂ ਵੀ ਵਧਣ ਲੱਗੀਆਂ ਹਨ। ਕੁਲਦੀਪ ਕੌਰ ਆਪਣੀ ਮਾਤਾ ਨੂੰ ਆਪਣੇ ਨਾਲ ਚੱਲਣ ਲਈ ਕਹਿੰਦੀ ਹੈ ਪਰ ਉਹ ਧੀਆਂ ਦੇ ਘਰ ਜਾ ਕੇ ਬੋਝ ਨਹੀਂ ਬਣਨਾ ਚਾਹੁੰਦੀ। ਤਾਲਾਬੰਦੀ ਦੌਰਾਨ ਅਮਰਜੀਤ ਕੌਰ ਆਪਣੀ ਬੇਟੀ ਕੋਲ ਚਲੀ ਗਈ ਹੈ। ਊਹ ਆਖਦੀ ਹੈ ਕਿ ਘਰ ਵੀ ਖਾਲੀ, ਢਿੱਡ ਵੀ ਖਾਲੀ, ਮੰਗੇ ’ਤੇ ਤਾਂ ਮੌਤ ਵੀ ਨਹੀਂ ਮਿਲਦੀ।